ਪਾਕਿਸਤਾਨ ਦੇ ਰੱਖਿਆ ਮੰਤਰੀ ਵੱਲੋਂ ਭਾਰਤ ਨੂੰ ਚਿਤਾਵਨੀ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਐਤਵਾਰ ਨੂੰ ਭਾਰਤ ਨੂੰ ਪਾਕਿਸਤਾਨ ਨਾਲ ਕਿਸੇ ਵੀ ਭਵਿੱਖੀ ਫੌਜੀ ਟਕਰਾਅ ਵਿਰੁੱਧ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੀ ਕਿਸੇ ਵੀ ਦੁਸ਼ਮਣੀ ਦੀ ਸੂਰਤ ਵਿੱਚ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਆਸਿਫ਼ ਦਾ ਇਹ ਜਵਾਬ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਵੱਲੋਂ ਪਾਕਿਸਤਾਨ ਨੂੰ ਕਿਸੇ ਵੀ ਗਲਤ ਕਾਰਵਾਈ ਵਿਰੁੱਧ ਚੌਕਸ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ।
ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਹਮਲਿਆਂ ਵਿੱਚ ਅਮਰੀਕਾ ਤੋਂ ਆਏ F-16 ਜੈੱਟਾਂ ਸਮੇਤ ਘੱਟੋ ਘੱਟ ਦਰਜਨ ਪਾਕਿਸਤਾਨੀ ਫੌਜੀ ਜਹਾਜ਼ ਤਬਾਹ ਹੋ ਗਏ ਜਾਂ ਨੁਕਸਾਨੇ ਗਏ। ਭਾਰਤ ਲਗਾਤਾਰ ਕਹਿੰਦਾ ਰਿਹਾ ਹੈ ਕਿ ਭਾਰਤੀ ਫੌਜ ਵੱਲੋਂ ਮਈ ਵਿੱਚ ਵੱਖ ਵੱਖ ਪਾਕਿਸਤਾਨੀ ਫੌਜੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਪਾਕਿਸਤਾਨ ਨੇ ਦੁਸ਼ਮਣੀ ਖਤਮ ਕਰਨ ਦੀ ਬੇਨਤੀ ਕੀਤੀ ਸੀ।
ਆਸਿਫ਼ ਨੇ ਸੋਸ਼ਲ ਮੀਡੀਆ ’ਤੇ ਜਾ ਕੇ ਨਵੀਂ ਦਿੱਲੀ ਦੇ ਉੱਚ ਸੁਰੱਖਿਆ ਅਦਾਰੇ ਦੇ ‘ਭੜਕਾਊ ਬਿਆਨਾਂ’ ਦਾ ਸਖ਼ਤ ਜਵਾਬ ਦਿੱਤਾ। ਉਸ ਨੇ ਭਾਰਤੀ ਫੌਜੀ ਅਤੇ ਰਾਜਨੀਤਕ ਨੇਤਾਵਾਂ ਦੇ ਕੁਝ ਹਾਲੀਆ ਬਿਆਨਾਂ ਨੂੰ ਆਪਣੀ ਗੁਆਚੀ ਹੋਈ ਭਰੋਸੇਯੋਗਤਾ ਨੂੰ ਬਹਾਲ ਕਰਨ ਦੀ ‘ਨਾਕਾਮ ਕੋਸ਼ਿਸ਼’ ਕਰਾਰ ਦਿੱਤਾ। ਉਸ ਨੇ ਲਿਖਿਆ, “ਭਾਰਤੀ ਫੌਜੀ ਅਤੇ ਰਾਜਨੀਤਕ ਲੀਡਰਸ਼ਿਪ ਦੇ ਬਿਆਨ ਉਨ੍ਹਾਂ ਦੇ ਗੁਆਚੇ ਵਕਾਰ ਨੂੰ ਬਹਾਲ ਕਰਨ ਦੀ ਇੱਕ ਨਾਕਾਮ ਕੋਸ਼ਿਸ਼ ਹਨ। 0-6 ਦੇ ਸਕੋਰ ਨਾਲ ਅਜਿਹੀ ਫ਼ੈਸਲਾਕੁਨ ਹਾਰ ਤੋਂ ਬਾਅਦ, ਜੇ ਉਹ ਮੁੜ ਕੋਸ਼ਿਸ਼ ਕਰਦੇ ਹਨ ਤਾਂ ਸਕੋਰ ਪਹਿਲਾਂ ਨਾਲੋਂ ਕਿਤੇ ਬਿਹਤਰ ਹੋਵੇਗਾ,”। ਹਾਲਾਂਕਿ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ 0-6 ਦੇ ਸਕੋਰ ਤੋਂ ਉਨ੍ਹਾਂ ਦਾ ਕੀ ਮਤਲਬ ਸੀ।