ਭਾਰਤ ’ਚ ਦਾਖਲ ਪਾਕਿਸਤਾਨੀ ਪੋਪਟ ਪ੍ਰੇਮਿਕਾ ਸਮੇਤ ਬੀਐੱਸਐੱਫ ਵੱਲੋਂ ਕਾਬੂ
ਇੱਕ ਪਾਕਿਸਤਾਨੀ ਨੌਜਵਾਨ ਅਤੇ ਉਸ ਦੀ ਪ੍ਰੇਮਿਕਾ ਨੇ ਆਪਣੇ ਘਰੋਂ ਭੱਜ ਕੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੱਕ ਪੈਦਲ ਹੀ ਪਹੁੰਚ ਗਏ। ਇਸ ਦੌਰਾਨ ਸੁਰੱਖਿਆ ਬਲਾਂ ਦੁਆਰਾ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਪੁਲੀਸ ਅਨੁਸਾਰ ਬਾਰਡਰ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਸੋਮਵਾਰ ਨੂੰ ਪੋਪਟ (24) ਅਤੇ ਗੌਰੀ (20) ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਹਿਰਾਸਤ ਵਿੱਚ ਲਿਆ। ਬਾਲਾਸਰ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੋਪਟ ਅਤੇ ਗੌਰੀ ਐਤਵਾਰ ਰਾਤ ਨੂੰ ਪਾਕਿਸਤਾਨ ਵਿੱਚ ਆਪਣੇ ਪਿੰਡ ਤੋਂ ਭੱਜ ਗਏ ਸਨ, ਜੋ ਕੋਮਾਂਤਰੀ ਸਰਹੱਦ ਤੋਂ 8 ਕਿਲੋਮੀਟਰ ਦੂਰ ਹੈ, ਅਤੇ ਉਨ੍ਹਾਂ ਨੇ ਇਹ ਦੂਰੀ ਪੈਦਲ ਤੈਅ ਕੀਤੀ।
ਉਨ੍ਹਾਂ ਦੱਸਿਆ ਕਿ ਪਿੱਲਰ ਨੰਬਰ 1016 ਦੇ ਨੇੜੇ ਗਸ਼ਤ ਕਰ ਰਹੇ ਬੀਐੱਸਐੱਫ ਦੇ ਜਵਾਨਾਂ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜੋੜੇ ਨੇ ਖੁਲਾਸਾ ਕੀਤਾ ਕਿ ਉਹ ਭੱਜ ਗਏ ਸਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਦੇ ਖ਼ਿਲਾਫ਼ ਸਨ। ਉਨ੍ਹਾਂ ਕਿਹਾ ਕਿ ਸਬੰਧਤ ਏਜੰਸੀਆਂ ਅਗਲੇਰੀ ਜਾਂਚ ਕਰਨਗੀਆਂ ਅਤੇ ਅਜੇ ਤੱਕ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ।
ਪੁਲੀਸ ਮੁਤਾਬਕ ਦੋ ਮਹੀਨਿਆਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 8 ਅਕਤੂਬਰ ਨੂੰ ਵੀ ਦੋ ਵਿਅਕਤੀਆਂ ਨੂੰ ਇਸੇ ਤਰ੍ਹਾਂ ਸਰਹੱਦ ’ਤੇ ਹਿਰਾਸਤ ਵਿੱਚ ਲਿਆ ਗਿਆ ਸੀ।
