ਭਾਰਤੀ ਪਾਇਲਟ ਅਭਿਨੰਦਨ ਵਰਤਮਾਨ ਨੂੰ ਫੜਨ ਵਾਲੇ ਪਾਕਿ ਫੌਜੀ ਅਧਿਕਾਰੀ ਦੀ ਮੌਤ
ਸਈਦ ਮੋਇਜ਼ ਅੱਬਾਸ ਸ਼ਾਹ ਦੇ ਜਨਾਜ਼ੇ ਵਿਚ ਥਲ ਸੈਨਾ ਮੁਖੀ ਆਸਿਮ ਮੁਨੀਰ ਹੋਏ ਸ਼ਾਮਲ
ਇਸਲਾਮਾਬਾਦ , 25 ਜੂਨ
ਪਾਕਿਸਤਾਨੀ ਫੌਜ ਦੇ ਸਪੈਸ਼ਲ ਸਰਵਸਿਜ਼ ਗਰੁੱਪ ਦਾ ਇੱਕ ਅਧਿਕਾਰੀ, ਜਿਸ ਨੇ 2019 ਵਿੱਚ ਸਰਹੱਦ ’ਤੇ ਜਾਰੀ ਟਕਰਾਅ ਦਰਮਿਆਨ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਭਿਨੰਦਨ ਵਰਤਮਾਨ ਨੂੰ ਉਸ ਦਾ ਜੈੱਟ ਡੇਗਣ ਮਗਰੋਂ ਫੜਨ ਦਾ ਦਾਅਵਾ ਕੀਤਾ ਸੀ, ਤਾਲਿਬਾਨ ਦਹਿਸ਼ਤਗਰਦਾਂ ਨਾਲ ਇੱਕ ਝੜਪ ਵਿੱਚ ਮਾਰਿਆ ਗਿਆ। ਇਹ ਦਾਅਵਾ ਪਾਕਿਸਤਾਨੀ ਫੌਜ ਨੇ ਕੀਤਾ ਹੈ।
ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਵੱਲੋਂ ਜਾਰੀ ਬਿਆਨ ਮੁਤਾਬਕ ਮੇਜਰ ਸਈਦ ਮੋਇਜ਼ ਅੱਬਾਸ ਸ਼ਾਹ (37) ਮੰਗਲਵਾਰ ਨੂੰ ਅਫ਼ਗ਼ਾਨ ਸਰਹੱਦ ਨੇੜੇ ਦੱਖਣੀ ਵਜ਼ੀਰਿਸਤਾਨ ਦੇ ਸਾਰਾਰੋਘਾ ਖੇਤਰ ਵਿੱਚ ਤਾਲਿਬਾਨ ਦਹਿਸ਼ਤਗਰਦਾਂ ਨਾਲ ਝੜਪ ਵਿੱਚ ਮਾਰਿਆ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਲਾਂਸ ਨਾਇਕ ਜਿਬਰਾਨ ਉੱਲ੍ਹਾ(27) ਵੀ ਇਸੇ ਲੜਾਈ ਵਿੱਚ ਮਾਰਿਆ ਗਿਆ।
ਫੌਜ ਦੇ ਜਵਾਨਾਂ ਨੇ ਇਸੇ ਕਾਰਵਾਈ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਸਬੰਧਤ 11 ਅਤਿਵਾਦੀਆਂ ਨੂੰ ਮਾਰ ਮੁਕਾਇਆ ਤੇ ਸੱਤ ਹੋਰ ਜ਼ਖਮੀ ਹੋ ਗਏ। ਮੋਇਜ਼ ਦੇ ਜਨਾਜ਼ੇ ਦੀਆਂ ਰਸਮਾਂ ਚੱਕਲਾਲਾ ਗੈਰੀਸਨ ਰਾਵਲਪਿੰਡੀ ਵਿਚ ਹੋਈਆਂ ਤੇ ਇਸ ਵਿਚ ਥਲ ਸੈਨਾ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਵੀ ਸ਼ਾਮਲ ਹੋਏ। ਮ੍ਰਿਤਕ ਦੇਹ ਨੂੰ ਹੈਲੀਕਾਪਟਰ ਰਾਹੀਂ ਉਸ ਦੇ ਜੱਦੀ ਕਸਬੇ ਚੱਕਵਾਲ ਲਿਜਾਇਆ ਗਿਆ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਸਪੁਰਦੇ ਖਾਕ ਕੀਤਾ ਗਿਆ। -ਪੀਟੀਆਈ