ਪਾਕਿਸਤਾਨੀ ਹਵਾਈ ਸੈਨਾ ਵੱਲੋਂ ਘਰ ’ਚ ਹੀ Air Strike; ਖੈਬਰ ਪਖਤੂਨਖਵਾ ਦੇ ਪਿੰਡ ’ਤੇ ਬੰਬ ਸੁੱਟੇ, 30 ਮੌਤਾਂ
ਪਾਕਿਸਤਾਨੀ ਹਵਾਈ ਸੈਨਾ ਵੱਲੋਂ ਸੋਮਵਾਰ ਵੱਡੇ ਤੜਕੇ ਖੈਬਰ ਪਖਤੂਨਖਵਾ ਦੀ ਤਿਰਾਹ ਘਾਟੀ ਦੇ ਮਤਰੇ ਦਾਰਾ ਪਿੰਡ ’ਤੇ ਕੀਤੇ ਗਏ ਹਵਾਈ ਹਮਲੇ ਵਿਚ ਬਾਅਦ ਘੱਟੋ-ਘੱਟ 30 ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਇਹ ਦਾਅਵਾ ਉੱਚ ਮਿਆਰੀ ਸੂਤਰਾਂ ਨੇ ਕੀਤਾ ਹੈ।
ਹਮਲੇ ਸਵੇਰੇ 2 ਵਜੇ ਦੇ ਕਰੀਬ ਸ਼ੁਰੂ ਹੋਏ, ਜਦੋਂ JF-17 ਲੜਾਕੂ ਜਹਾਜ਼ਾਂ ਨੇ ਦੂਰ-ਦੁਰਾਡੇ ਬਸਤੀ ’ਤੇ ਘੱਟੋ-ਘੱਟ ਅੱਠ ਚੀਨੀ ਮੂਲ ਦੇ LS-6 ਬੰਬ ਸੁੱਟੇ। ਚਸ਼ਮਦੀਦਾਂ ਨੇ ਵੱਡੀ ਤਬਾਹੀ ਦਾ ਦਾਅਵਾ ਕੀਤਾ ਹੈ। ਮਲਬੇ ਨਾਲ ਭਰੀਆਂ ਗਲੀਆਂ ਵਿੱਚ ਲਾਸ਼ਾਂ ਪਈਆਂ ਸਨ ਅਤੇ ਬਚੇ ਹੋਏ ਲੋਕ ਨੰਗੇ ਹੱਥਾਂ ਨਾਲ ਢਹਿ-ਢੇਰੀ ਹੋਏ ਘਰਾਂ ਵਿੱਚੋਂ ਖੁਦਾਈ ਕਰ ਰਹੇ ਸਨ।
ਇਕ ਸੂਤਰ ਨੇ ਕਤਲੇਆਮ ਦਾ ਬਿਓਰਾ ਦਿੰਦਿਆਂ ਕਿਹਾ, ‘‘ਪੂਰੇ ਪਰਿਵਾਰ ਸਫਾਇਆ ਹੋ ਗਏ ਹਨ। ਜ਼ਿਆਦਾਤਰ ਪੀੜਤ ਔਰਤਾਂ ਅਤੇ ਬੱਚੇ ਹਨ ਜਿਨ੍ਹਾਂ ਕੋਲ ਬਚਣ ਦਾ ਕੋਈ ਮੌਕਾ ਨਹੀਂ ਸੀ।’’
ਅਫ਼ਗਾਨ ਸਰਹੱਦ ਨੇੜੇ ਤਿਰਾਹ ਘਾਟੀ ਲੰਮੇ ਸਮੇਂ ਤੋਂ ਟਕਰਾਅ ਵਾਲਾ ਖੇਤਰ ਰਿਹਾ ਹੈ ਜਿੱਥੇ ਪਾਕਿਸਤਾਨੀ ਫੌਜਾਂ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਹੋਰ ਹਥਿਆਰਬੰਦ ਸਮੂਹਾਂ ਵਿਰੁੱਧ ਵਾਰ-ਵਾਰ ਹਮਲੇ ਕੀਤੇ ਹਨ। ਪਰ ਅਜਿਹੇ ਹਮਲਿਆਂ ਵਿਚ ਆਮ ਨਾਗਰਿਕਾਂ ਦੀ ਮੌਤ ਦੀ ਪਿਛਲੇ ਸਮੇਂ ਵਿੱਚ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ।
ਪਾਕਿਸਤਾਨੀ ਫੌਜ ਨੇ ਅਜੇ ਤੱਕ ਹਮਲਿਆਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।