ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਇਮਰਾਨ ਖਾਨ ਨੂੰ ਜ਼ਮਾਨਤ
Pak SC grants bail to Imran Khan ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 9 ਮਈ ਦੀ ਹਿੰਸਾ ਨਾਲ ਸਬੰਧਤ ਅੱਠ ਮਾਮਲਿਆਂ ਵਿਚ ਜ਼ਮਾਨਤ ਦੇ ਦਿੱਤੀ ਹੈ।
ਪਾਕਿਸਤਾਨ ਵਿਚ ਇਮਰਾਨ ਖਾਨ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਉਸ ਦੇ ਸਮਰਥਕਾਂ ਨੇ 9 ਮਈ, 2023 ਨੂੰ ਭੰਨਤੋੜ ਕੀਤੀ ਸੀ। ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਆਗੂਆਂ ਖਿਲਾਫ ਦੰਗਿਆਂ ’ਚ ਕਥਿਤ ਭੂਮਿਕਾ ਸਬੰਧੀ ਕਈ ਮਾਮਲੇ ਦਰਜ ਕੀਤੇ ਗਏ ਸਨ।
ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਖ਼ਾਨ ਦੇ ਵਕੀਲ ਸਲਮਾਨ ਸਫ਼ਦਰ ਅਤੇ ਸੂਬੇ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਵਿਸ਼ੇਸ਼ ਸਰਕਾਰੀ ਵਕੀਲ ਜ਼ੁਲਫ਼ਕਾਰ ਨਕਵੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਮਰਾਨ ਨੂੰ ਜ਼ਮਾਨਤ ਦੇ ਦਿੱਤੀ। ਇਹ ਫੈਸਲਾ ਚੀਫ਼ ਜਸਟਿਸ ਅਫਰੀਦੀ, ਜਸਟਿਸ ਸ਼ਫੀ ਸਿੱਦੀਕੀ ਅਤੇ ਮਿਆਂਗੁਲ ਔਰੰਗਜ਼ੇਬ ਨੇ ਸੁਣਾਇਆ।
ਇਸ ਤੋਂ ਬਾਅਦ ਇਮਰਾਨ ਖਾਨ ਦੀ ਪੀਟੀਆਈ ਪਾਰਟੀ ਨੇ ਐਕਸ ’ਤੇ ਪੋਸਟ ਪਾ ਕੇ ਇਮਰਾਨ ਖਾਨ ਲਈ ਜਿੱਤ ਲਈ ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਇਸ ਫੈਸਲੇ ਦੀ ਸ਼ਲਾਘਾ ਕੀਤੀ। ਸੁਪਰੀਮ ਕੋਰਟ ਨੇ 9 ਮਈ ਦੇ ਕੇਸਾਂ ਲਈ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ, ਹੁਣ ਸ੍ਰੀ ਖਾਨ ਦੇ ਜੇਲ੍ਹ ਤੋਂ ਬਾਹਰ ਆਉਣ ਲਈ ਸਿਰਫ ਇੱਕ ਹੋਰ ਕੇਸ (ਅਲ ਕਾਦਿਰ ਕੇਸ) ਲਈ ਜ਼ਮਾਨਤ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ 2023 ਤੋਂ ਜੇਲ੍ਹ ਵਿਚ ਨਜ਼ਰਬੰਦ ਹਨ।