ਪਾਕਿਸਤਾਨ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਵਿੱਚ 22 ਅਤਿਵਾਦੀ ਮਾਰੇ
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਖੁਫੀਆ-ਅਧਾਰਿਤ ਆਪਰੇਸ਼ਨ ਵਿੱਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨਾਲ ਸਬੰਧਤ 22 ਅਤਿਵਾਦੀਆਂ ਨੂੰ ਮਾਰ ਦਿੱਤਾ।
ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਉੱਤਰੀ ਵਜ਼ੀਰਿਸਤਾਨ ਨਾਲ ਲੱਗਦੇ ਬੰਨੂ ਜ਼ਿਲ੍ਹੇ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ।
ਬਿਆਨ ਵਿੱਚ ਕਿਹਾ ਗਿਆ ਹੈ, “ਆਪਰੇਸ਼ਨ ਦੌਰਾਨ, ਫੌਜਾਂ ਨੇ ਅਤਿਵਾਦੀਆਂ ਦੇ ਟਿਕਾਣੇ ਨੂੰ ਘੇਰਿਆ ਅਤੇ ਮੁੁਕਾਬਲੇ ਤੋਂ ਮਾਦ ਬਾਅਦ, 22 ਅਤਿਵਾਦੀ ਮਾਰੇ ਗਏ।”
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਖੇਤਰ ਵਿੱਚ ਕਿਸੇ ਵੀ ਹੋਰ ਅਤਿਵਾਦੀਆਂ ਨੂੰ ਖ਼ਤਮ ਕਰਨ ਲਈ ਇੱਕ ਸੈਨੇਟਾਈਜ਼ੇਸ਼ਨ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੇਸ਼ ਵਿੱਚੋਂ ਅਤਿਵਾਦ ਦੇ ਖਤਰੇ ਨੂੰ ਖ਼ਤਮ ਕਰਨ ਲਈ ਸੁਰੱਖਿਆ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਅਤਿਵਾਦ ਵਿਰੋਧੀ ਮੁਹਿੰਮ ਜਾਰੀ ਰਹੇਗੀ।ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਫਲ ਆਪਰੇਸ਼ਨ ਲਈ ਸੁਰੱਖਿਆ ਬਲਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਅਤਿਵਾਦ ਵਿਰੁੱਧ ਵੱਡੀਆਂ ਸਫਲਤਾਵਾਂ ਹਾਸਲ ਕਰ ਰਹੇ ਹਨ।
ਜ਼ਿਕਰਯੋਗ ਹੈ ਸੋਮਵਾਰ ਸਵੇਰੇ ਪੇਸ਼ਾਵਰ ਵਿੱਚ ਫੈਡਰਲ ਕਾਂਸਟੇਬਲਰੀ (FC) ਦੇ ਮੁੱਖ ਦਫਤਰ ’ਤੇ ਇੱਕ ਆਤਮਘਾਤੀ ਹਮਲਾ ਹੋਇਆ ਸੀ, ਜਿਸ ਵਿੱਚ ਤਿੰਨ ਐਫਸੀ ਜਵਾਨ ਸ਼ਹੀਦ ਹੋ ਗਏ ਅਤੇ 12 ਜ਼ਖਮੀ ਹੋ ਗਏ।
