ਪਾਕਿਸਤਾਨ: ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਘਰਾਂ ਦਾ ਪੁਨਰਨਿਰਮਾਣ ਸ਼ੁਰੂ
ਪਾਕਿਸਤਾਨ ਦੇ ਪਿਸ਼ਾਵਰ ਸਥਿਤ ਭਾਰਤੀ ਅਦਾਕਾਰਾਂ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਦੇ ਪੁਨਰਨਿਰਮਾਣ ਦਾ ਕੰਮ ਅਧਿਕਾਰਤ ਤੌਰ ’ਤੇ ਅੱਜ ਸ਼ੁਰੂ ਹੋ ਗਿਆ ਹੈ। ਪੁਰਾਤੱਤ ਵਿਭਾਗ ਦੇ ਡਾਇਰੈਕਟਰ ਡਾ. ਅਬਦੁਸ ਸਮਦ ਨੇ ਦੱਸਿਆ ਕਿ ਇਹ ਪ੍ਰਾਜੈਕਟ ਦੋ ਸਾਲਾਂ ਵਿੱਚ ਪੂਰਾ ਹੋ ਜਾਵੇਗਾ ਅਤੇ ਇਸ ਦੀ ਅਨੁਮਾਨਿਤ ਲਾਗਤ ਸੱਤ ਕਰੋੜ ਰੁਪਏ ਹੋਵੇਗੀ।
ਖੈਬਰ ਪਖ਼ਤੂਨਖ਼ਵਾ ਸਰਕਾਰ ਨੇ ਪ੍ਰਾਜੈਕਟ ਲਈ ਰਾਸ਼ੀ ਜਾਰੀ ਕੀਤੀ ਹੈ। ਇਸ ਪ੍ਰਾਜੈਕਟ ਵਿੱਚ ਇਤਿਹਾਸਕ ਰਿਹਾਇਸ਼ਾਂ ਦਾ ਢਾਂਚਾਗਤ ਵਿਕਾਸ ਅਤੇ ਸੁੰਦਰੀਕਰਨ ਸ਼ਾਮਲ ਹੈ। ਪ੍ਰਾਂਤ ਦੇ ਪੁਰਾਤੱਤ ਵਿਭਾਗ ਨੇ ਦੋਵੇਂ ਢਾਂਚਿਆਂ ਨੂੰ ਮਹਾਨ ਅਦਾਕਾਰਾਂ ਦੇ ਜੀਵਨ ਅਤੇ ਕਰੀਅਰ ਨੂੰ ਸਮਰਪਿਤ ਅਜਾਇਬਘਰਾਂ ਦੇ ਰੂਪ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ। ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 13 ਜੁਲਾਈ 2014 ਨੂੰ ਇਨ੍ਹਾਂ ਘਰਾਂ ਨੂੰ ਕੌਮੀ ਵਿਰਾਸਤ ਐਲਾਨਿਆ ਸੀ। ਡਾ. ਸਮਦ ਮੁਤਾਬਕ, ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਪ੍ਰਾਂਤ ਦੀ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਦੀ ਰੱਖਿਆ ਕਰਦੇ ਹੋਏ ਵਿਰਾਸਤੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ। ਪ੍ਰਾਂਤ ਦੀ ਸਰਕਾਰ ਦੇ ਸੈਰ-ਸਪਾਟਾ ਸਲਾਹਕਾਰ ਜ਼ਾਹਿਦ ਖਾਨ ਸ਼ਿਨਵਾਰੀ ਨੇ ਦੱਸਿਆ, ‘‘ਵਿਸ਼ਵ ਬੈਂਕ ਦੇ ਸਹਿਯੋਗ ਨਾਲ ਇਹ ਪ੍ਰਾਜੈਕਟ ਪ੍ਰਾਂਤ ਦੇ ਸੈਰ-ਸਪਾਟਾ ਖੇਤਰ ਵਿੱਚ ਕ੍ਰਾਂਤੀ ਲਿਆਉਣਗੇ।’’