ਪਾਕਿ ਪ੍ਰਧਾਨ ਮੰਤਰੀ ਸ਼ਰੀਫ਼ ਨੇ ਅਮਰੀਕਾ ਨਾਲ ਹੋਏ ਵਪਾਰਕ ਸੌਦੇ ਨੂੰ ਇਤਿਹਾਸਕ ਦੱਸਿਆ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀਰਵਾਰ ਨੂੰ ਇਸਲਾਮਾਬਾਦ ਅਤੇ ਵਾਸ਼ਿੰਗਟਨ ਵਿਚਾਲੇ ਹੋਏ ਇਤਿਹਾਸਕ ਵਪਾਰਕ ਸਮਝੌਤੇ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧੇਗਾ। ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਨੇ ਦੱਖਣੀ ਏਸ਼ੀਆਈ ਦੇਸ਼ ਦੇ ਵਿਸ਼ਾਲ ਤੇਲ ਭੰਡਾਰਾਂ ਨੂੰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਪਾਕਿਸਤਾਨ ਨਾਲ ਇੱਕ ਸੌਦਾ ਕੀਤਾ ਹੈ।
ਪਾਕਿਸਤਾਨ ਲੰਬੇ ਸਮੇਂ ਤੋਂ ਆਪਣੇ ਤੱਟ ’ਤੇ ਵੱਡੇ ਤੇਲ ਭੰਡਾਰ ਹੋਣ ਦਾ ਦਾਅਵਾ ਕਰਦਾ ਰਿਹਾ ਹੈ, ਪਰ ਉਨ੍ਹਾਂ ਭੰਡਾਰਾਂ ਦਾ ਲਾਭ ਉਠਾਉਣ ਲਈ ਕੋਈ ਤਰੱਕੀ ਨਹੀਂ ਹੋਈ ਹੈ। ਦੇਸ਼ ਇਸ ਵੇਲੇ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਮੱਧ ਪੂਰਬ ਤੋਂ ਤੇਲ ਦਰਾਮਦ ਕਰਦਾ ਹੈ।
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ, "ਮੈਂ ਇਤਿਹਾਸਕ ਅਮਰੀਕਾ-ਪਾਕਿਸਤਾਨ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਉਨ੍ਹਾਂ ਦੀ ਅਗਵਾਈ ਵਾਲੀ ਭੂਮਿਕਾ ਲਈ ਰਾਸ਼ਟਰਪਤੀ ਟਰੰਪ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਕੱਲ੍ਹ ਰਾਤ ਵਾਸ਼ਿੰਗਟਨ ਵਿੱਚ ਸਾਡੇ ਦੋਵਾਂ ਪੱਖਾਂ ਦੁਆਰਾ ਸਫਲਤਾਪੂਰਵਕ ਸਿੱਟੇ ’ਤੇ ਪਹੁੰਚਿਆ।"
ਉਨ੍ਹਾਂ ਕਿਹਾ, ‘‘ਇਹ ਇਤਿਹਾਸਕ ਸੌਦਾ ਸਾਡੇ ਵਧ ਰਹੇ ਸਹਿਯੋਗ ਨੂੰ ਵਧਾਏਗਾ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਸਾਡੀ ਸਥਾਈ ਸਾਂਝੇਦਾਰੀ ਦੀਆਂ ਹੱਦਾਂ ਦਾ ਵਿਸਤਾਰ ਕੀਤਾ ਜਾ ਸਕੇ।’’ ਟਰੁੱਥ ਸੋਸ਼ਲ ’ਤੇ ਇੱਕ ਪੋਸਟ ਵਿੱਚ ਟਰੰਪ ਨੇ ਕਿਹਾ, ‘‘ਅਸੀਂ ਹੁਣੇ ਹੀ ਪਾਕਿਸਤਾਨ ਦੇਸ਼ ਨਾਲ ਇੱਕ ਸੌਦਾ ਕੀਤਾ ਹੈ, ਜਿਸ ਤਹਿਤ ਪਾਕਿਸਤਾਨ ਅਤੇ ਸੰਯੁਕਤ ਰਾਜ ਅਮਰੀਕਾ ਉਨ੍ਹਾਂ ਦੇ ਵਿਸ਼ਾਲ ਤੇਲ ਭੰਡਾਰਾਂ ਨੂੰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨਗੇ।’’