ਭਾਰਤੀ ਉਡਾਣਾਂ ਲਈ ਹਵਾਈ ਖੇਤਰ ’ਤੇ ਪਾਬੰਦੀ ਕਰਕੇ ਪਾਕਿਸਤਾਨ ਨੂੰ ਪਿਆ 4.1 ਅਰਬ ਦਾ ਘਾਟਾ
ਪਾਕਿਸਤਾਨ ਨੂੰ ਭਾਰਤੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਰੱਖਣ ਕਰਕੇ ਪਿਛਲੇ ਦੋ ਮਹੀਨਿਆਂ ਵਿਚ 4.1 ਅਰਬ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਕਸ਼ਮੀਰ ਵਿੱਚ 22 ਅਪਰੈਲ ਨੂੰ ਹੋਏ ਘਾਤਕ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਨੇ ਇੱਕ ਦੂਜੇ ਦੀਆਂ ਏਅਰਲਾਈਨਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਸਨ। ਇਸ ਹਮਲੇ ਵਿਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ।
ਚਾਰ ਦਿਨਾਂ (7 ਤੋਂ 10 ਮਈ) ਦੇ ਟਕਰਾਅ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧ ਵਿਗੜਨ ਤੋਂ ਬਾਅਦ ਹਵਾਈ ਖੇਤਰ ’ਤੇ ਪਾਬੰਦੀ ਵਧਾ ਦਿੱਤੀ ਗਈ ਸੀ ਕਿਉਂਕਿ ਭਾਰਤ ਨੇ 7 ਮਈ ਨੂੰ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ ਅਤੇ ਪਾਕਿਸਤਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਦਹਿਸ਼ਤਗਰਦਾਂ ਦੇ ਬੁਨਿਆਦੀ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਸੀ।
ਰੋਜ਼ਨਾਮਚਾ ‘ਡਾਅਨ’ ਦੀ ਰਿਪੋਰਟ ਅਨੁਸਾਰ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕੌਮੀ ਅਸੈਂਬਲੀ ਨੂੰ ਦੱਸਿਆ ਕਿ ਭਾਰਤੀ-ਰਜਿਸਟਰਡ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕੀਤੇ ਜਾਣ ਨਾਲ ਪਾਕਿਸਤਾਨ ਏਅਰਪੋਰਟ ਅਥਾਰਟੀ (ਪੀਏਏ) ਨੂੰ 4.1 ਬਿਲੀਅਨ ਰੁਪਏ ਦਾ ਨੁਕਸਾਨ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ 24 ਅਪਰੈਲ ਤੋਂ 30 ਜੂਨ ਤੱਕ ਇਹ ਘਾਟਾ ਓਵਰਫਲਾਈਂਗ ਮਾਲੀਏ ਵਿੱਚ ਸੀ।
ਮੰਤਰਾਲੇ ਨੇ ਕਿਹਾ ਕਿ ਇਹ ਰਕਮਾਂ ‘ਮਾਲੀਆ ਘਾਟੇ ਨੂੰ ਦਰਸਾਉਂਦੀਆਂ ਹਨ, ਕੁੱਲ ਵਿੱਤੀ ਨੁਕਸਾਨ ਨੂੰ ਨਹੀਂ’ ਅਤੇ ਓਵਰਫਲਾਈਟ ਅਤੇ ਏਅਰੋਨੌਟਿਕਲ ਚਾਰਜ ਬਦਲੇ ਨਹੀਂ ਗਏ। ਪਾਕਿਸਤਾਨ ਦਾ ਹਵਾਈ ਖੇਤਰ ਭਾਰਤੀ ਏਅਰਲਾਈਨਾਂ ਅਤੇ ਜਹਾਜ਼ਾਂ ਨੂੰ ਛੱਡ ਕੇ ਸਾਰਿਆਂ ਲਈ ਖੁੱਲ੍ਹਾ ਹੈ। ਇਸੇ ਤਰ੍ਹਾਂ ਪਾਕਿਸਤਾਨੀ ਏਅਰਲਾਈਨਾਂ ਦੇ ਭਾਰਤੀ ਹਵਾਈ ਖੇਤਰ ਵਿਚ ਦਾਖ਼ਲੇ ’ਤੇ ਪਾਬੰਦੀ ਲੱਗੀ ਹੋਈ ਹੈ।