ਪਾਕਿਸਤਾਨ: ਰੇਲਵੇ ਟਰੈਕ ’ਤੇ ਧਮਾਕੇ ਕਾਰਨ ਜਾਫ਼ਰ ਐਕਸਪ੍ਰੈਸ ਲੀਹ ਤੋਂ ਉਤਰੀ, ਕਈ ਜ਼ਖਮੀ
ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਸਿੰਧ ਵਿੱਚ ਮੰਗਲਵਾਰ ਨੂੰ ਇੱਕ ਰੇਲਵੇ ਟਰੈਕ ’ਤੇ ਹੋਏ ਧਮਾਕੇ ਕਾਰਨ ਰੇਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ ਅਤੇ ਇਸ ਕਾਰਨ ਕਈ ਲੋਕ ਜ਼ਖਮੀ ਹੋ ਗਏ।
ਪੇਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈਸ ਦੇ ਜ਼ਖਮੀ ਯਾਤਰੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਸਾਲ ਦੌਰਾਨ ਇਸ ਰੇਲਗੱਡੀ 'ਤੇ ਕਈ ਵਾਰ ਹਮਲੇ ਹੋ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸਿੰਧ ਦੇ ਸ਼ਿਕਾਰਪੁਰ ਜ਼ਿਲ੍ਹੇ ਵਿੱਚ ਸੁਲਤਾਨ ਕੋਟ ਦੇ ਨੇੜੇ ਸੋਮਰਵਾਹ ਨੇੜੇ ਹੋਇਆ।
ਪੁਲੀਸ ਨੇ ਦੱਸਿਆ ਕਿ ਮੌਕੇ ’ਤੇ ਬਚਾਅ ਕਾਰਜ ਜਾਰੀ ਹੈ। ਪੁਲੀਸ ਅਤੇ ਅਰਧ ਸੈਨਿਕ ਬਲਾਂ ਦੀਆਂ ਭਾਰੀ ਟੁਕੜੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਧਮਾਕੇ ਦੀ ਪ੍ਰਕਿਰਤੀ ਦਾ ਪਤਾ ਲਗਾਉਣ ਲਈ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਰੇਲਵੇ ਟਰੈਕ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।
ਜਾਫ਼ਰ ਐਕਸਪ੍ਰੈਸ ’ਤੇ ਕੀਤੇ ਜਾ ਰਹੇ ਲਗਾਤਾਰ ਹਮਲੇ
ਕੁਏਟਾ ਅਤੇ ਪੇਸ਼ਾਵਰ ਦੇ ਵਿਚਕਾਰ ਚੱਲਣ ਵਾਲੀ ਜਾਫ਼ਰ ਐਕਸਪ੍ਰੈਸ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾ ਮਾਰਚ ਮਹੀਨੇ ਵਿੱਚ ਇਸ ਰੇਲਗੱਡੀ ’ਤੇ ਹੋਇਆ ਹਮਲਾ ਸਭ ਤੋਂ ਭਿਆਨਕ ਸੀ।
ਇਸ ਸਾਲ ਸਤੰਬਰ ਵਿੱਚ ਬਲੋਚਿਸਤਾਨ ਦੇ ਮਸਤੁੰਗ ਦੇ ਦਸ਼ਤ ਖੇਤਰ ਵਿੱਚ ਰੇਲਵੇ ਟਰੈਕ ’ਤੇ ਹੋਏ ਇੱਕ ਧਮਾਕੇ ਨੇ ਜਾਫ਼ਰ ਐਕਸਪ੍ਰੈਸ ਦੇ ਇੱਕ ਕੋਚ ਨੂੰ ਤਬਾਹ ਕਰ ਦਿੱਤਾ ਅਤੇ ਛੇ ਹੋਰਾਂ ਨੂੰ ਪਟੜੀ ਤੋਂ ਉਤਾਰ ਦਿੱਤਾ। ਇਸ ਦੌਰਾਨ 12 ਯਾਤਰੀ ਜ਼ਖਮੀ ਹੋਏ ਸਨ।
10 ਅਗਸਤ ਨੂੰ ਮਸਤੁੰਗ ਜ਼ਿਲ੍ਹੇ ਵਿੱਚ ਇੱਕ ਆਈ.ਈ.ਡੀ. (IED) ਨਾਲ ਹੋਏ ਧਮਾਕੇ ਕਾਰਨ ਰੇਲਗੱਡੀ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ ਸਨ, ਜਿਸ ਕਾਰਨ ਚਾਰ ਲੋਕ ਜ਼ਖਮੀ ਹੋ ਗਏ ਸਨ।
ਇਸ ਉਪਰੰਤ 4 ਅਗਸਤ ਨੂੰ ਕਲੀਅਰੈਂਸ ਲਈ ਭੇਜਿਆ ਗਿਆ ਪਾਇਲਟ ਇੰਜਣ ਕੋਲਪੁਰ ਨੇੜੇ ਗੋਲੀਬਾਰੀ ਦੀ ਲਪੇਟ ਵਿੱਚ ਆ ਗਿਆ ਸੀ। ਵੱਖਵਾਦੀ ਬਲੋਚ ਲਿਬਰੇਸ਼ਨ ਆਰਮੀ (BLA) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਜੂਨ 2025 ਵਿੱਚ ਸਿੰਧ ਦੇ ਜੈਕਬਾਬਾਦ ਜ਼ਿਲ੍ਹੇ ਵਿੱਚ ਇੱਕ ਹੋਰ ਧਮਾਕੇ ਨੇ ਰੇਲਗੱਡੀ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਚਾਰ ਡੱਬੇ ਪਟੜੀ ਤੋਂ ਉਤਰ ਗਏ ਸਨ।
ਇੱਕ ਹੋਰ ਵੱਡੀ ਘਟਨਾ ਵਿੱਚ 11 ਮਾਰਚ ਨੂੰ ਜਾਫ਼ਰ ਐਕਸਪ੍ਰੈਸ ਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਸੁਰੱਖਿਆ ਕਰਮਚਾਰੀਆਂ ਸਮੇਤ 26 ਲੋਕਾਂ ਦੀ ਮੌਤ ਹੋ ਗਈ ਸੀ। ਸੁਰੱਖਿਆ ਬਲਾਂ ਨੇ ਇੱਕ ਨਿਸ਼ਾਨਾ ਬਣਾ ਕੇ ਕੀਤੇ ਗਏ ਅਪਰੇਸ਼ਨ ਵਿੱਚ ਰੇਲਗੱਡੀ 'ਤੇ ਹਮਲਾ ਕਰਨ ਵਾਲੇ 33 ਅਤਿਵਾਦੀਆਂ ਨੂੰ ਮਾਰ ਦਿੱਤਾ ਅਤੇ 354 ਬੰਧਕਾਂ ਨੂੰ ਬਚਾਇਆ ਸੀ।