ਪਾਕਿਸਤਾਨ ਅਤੇ ਭਾਰਤ ਵਿਵਾਦ ‘ਬਹੁਤ ਵੱਡਾ’ ਸੀ ਪਰ ਮੈਂ ਸੁਲਝਾ ਦਿੱਤਾ: ਟਰੰਪ
ਟਰੰਪ ਨੇ ਮੁਡ਼ ਜੰਗ ਰੋਕਣ ਦੇ ਕੀਤੇ ਦਾਅਵੇ; ਯੂਕਰੇਨ ਨਾਲ ਜੰਗ ਨਾ ਰੋਕਣ ’ਤੇ ਪੂਤਿਨ ਦੀ ਨਿਖੇਧੀ
Pakistan and India conflict was 'very big', I settled that: Trump ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਬਹੁਤ ਵੱਡਾ’ ਟਕਰਾਅ ਸੁਲਝਾ ਲਿਆ ਹੈ ਪਰ ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਨਾਲ ਜੰਗ ਨਾ ਰੋਕ ਕੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ।
ਟਰੰਪ ਨੇ ਕਿਹਾ, ‘ਮੈਂ ਇੱਥੇ ਹੋਣ ਤੋਂ ਬਾਅਦ ਬਹੁਤ ਸਾਰੀਆਂ ਜੰਗਾਂ ਸੁਲਝਾ ਲਈਆਂ ਹਨ। ਅਸੀਂ ਲਗਪਗ ਨੌਂ ਮਹੀਨੇ ਤੋਂ ਇੱਥੇ ਹਾਂ ਅਤੇ ਮੈਂ ਸੱਤ ਜੰਗਾਂ ਰੋਕ ਦਿੱਤੀਆਂ ਹਨ ਅਤੇ ਬੀਤੇ ਕੱਲ੍ਹ ਅਸੀਂ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵੱਡੀ ਜੰਗ ਲਗਪਗ ਸੁਲਝਾ ਲਈ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਪ੍ਰਮਾਣੂ ਸ਼ਕਤੀਆਂ ਸਨ, ਮੈਂ ਇਸ ਨੂੰ ਸੁਲਝਾ ਲਿਆ।’ ਟਰੰਪ ਨੇ ਇਹ ਟਿੱਪਣੀਆਂ ਕੁਆਂਟਿਕੋ ਵਿੱਚ ਫੌਜੀ ਆਗੂਆਂ ਨਾਲ ਮੀਟਿੰਗ ਕਰਦਿਆਂ ਕੀਤੀਆਂ।
ਗਾਜ਼ਾ ਟਕਰਾਅ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਦਾ ਹਵਾਲਾ ਦਿੰਦਿਆਂ ਟਰੰਪ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਸੁਲਝਾ ਲਿਆ ਗਿਆ ਹੈ ਪਰ ਅਸੀਂ ਫੇਰ ਵੀ ਦੇਖਾਂਗੇ, ਹਮਾਸ ਨੂੰ ਸਹਿਮਤ ਹੋਣਾ ਪਵੇਗਾ ਅਤੇ ਜੇਕਰ ਉਹ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬਹੁਤ ਵੱਡੀ ਸਖ਼ਤੀ ਦਾ ਸਾਹਮਣਾ ਕਰਨਾ ਪਵੇਗਾ ਪਰ ਸਾਰੇ ਅਰਬ ਤੇ ਮੁਸਲਿਮ ਮੁਲਕ ਇਸ ਲਈ ਸਹਿਮਤ ਹੋ ਗਏ ਹਨ।’ ਟਰੰਪ ਨੇ 10 ਮਈ ਤੋਂ ਬਾਅਦ ਲਗਪਗ 50 ਵਾਰ ਆਪਣਾ ਦਾਅਵਾ ਦੁਹਰਾਇਆ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੂੰ ਸੁਲਝਾਉਣ ਵਿੱਚ ਮਦਦ ਕੀਤੀ।
ਟਰੰਪ ਨੇ ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਵਿਸ਼ਵ ਆਗੂਆਂ ਨੂੰ ਸੰਬੋਧਨ ਕਰਦਿਆਂ ਆਪਣਾ ਦਾਅਵਾ ਦੁਹਰਾਇਆ ਸੀ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕ ਦਿੱਤਾ ਹੈ। ਪੀਟੀਆਈ