ਪਾਕਿ ਦਾ ਭਾਰਤ ਨਾਲ ਕੋਈ ਮੁਕਾਬਲਾ ਨਹੀਂ: ਸੂਰਿਆਕੁਮਾਰ ਯਾਦਵ
ਐਤਵਾਰ ਨੁੰ ਦੁਬਈ ਵਿੱਚ ਹੋਏ ਟੀ20 ਮੈਚ ਵਿੱਚ ਭਾਰਤ ਵੱਲੋਂ ਪਾਕਿਸਤਾਨ ’ਤੇ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਕਪਤਾਨ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਾਕਿ ਦਾ ਭਾਰਤ ਨਾਲ ਕੋਈ ਮੁਕਾਬਲਾ ਨਹੀਂ ਹੈ।
ਟੀ20 ਅੰਤਰਰਾਸ਼ਟਰੀ ਮੈਚਾਂ ਵਿੱਚ ਦੋਵਾਂ ਟੀਮਾਂ ਦਾ 15 ਵਾਰ ਸਾਹਮਣਾ ਹੋਇਆ ਹੈ, ਜਿਸ ਵਿੱਚੋਂ ਭਾਰਤ ਨੇ 12 ਵਾਰ ਜਿੱਤ ਦਰਜ ਕੀਤੀ ਹੈ। ਐਤਵਾਰ ਨੂੰ ਏਸ਼ੀਆ ਕੱਪ ਸੁਪਰ 4 ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ ਹੈ।
ਮੈਚ ਤੋਂ ਬਾਅਦ ਜਦੋਂ ਪਾਕਿਸਤਾਨੀ ਪੱਤਰਕਾਰ ਨੇ ਦੋਵਾਂ ਟੀਮਾਂ ਦੇ ਪ੍ਰਦਰਸ਼ਨ ਵਿੱਚ ਫ਼ਰਕ ਬਾਰੇ ਪੁੱਛਿਆ, ਤਾਂ ਸੂਰਿਆਕੁਮਾਰ ਨੇ ਮੁਸਕਰਾਉਂਦੇ ਹੋਏ ਕਿਹਾ, "ਸਰ, ਮੇਰੀ ਬੇਨਤੀ ਹੈ ਕਿ ਤੁਸੀਂ ਭਾਰਤ ਅਤੇ ਪਾਕਿਸਤਾਨ ਦੇ ਮੈਚਾਂ ਨੂੰ 'ਮੁਕਾਬਲਾ' ਕਹਿਣਾ ਬੰਦ ਕਰ ਦਿਓ।"
ਪੱਤਰਕਾਰ ਨੇ ਸਪੱਸ਼ਟ ਕੀਤਾ ਕਿ ਉਹ ਪ੍ਰਦਰਸ਼ਨ ਦੇ ਪੱਧਰ ਦੀ ਗੱਲ ਕਰ ਰਹੇ ਸਨ, ਨਾ ਕਿ ਮੁਕਾਬਲੇ ਦੀ, ਪਰ ਭਾਰਤੀ ਕਪਤਾਨ ਨੇ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ, ‘‘ਮੁਕਾਬਲਾ ਅਤੇ ਪੱਧਰ ਸਭ ਬਰਾਬਰ ਹੈ। ਮੁਕਾਬਲਾ ਕਿੱਥੇ ਹੈ? ਜੇਕਰ ਦੋ ਟੀਮਾਂ 15 ਮੈਚ ਖੇਡਣ ਅਤੇ ਅੰਕੜਾ 8-7 ਹੋਵੇ ਤਾਂ ਮੁਕਾਬਲਾ ਹੁੰਦਾ ਹੈ। ਇੱਥੇ ਤਾਂ 13-1 ਜਾਂ ਇਸ ਤਰ੍ਹਾਂ ਦਾ ਕੁਝ ਹੈ। ਕੋਈ ਮੁਕਾਬਲਾ ਹੀ ਨਹੀਂ ਹੈ।’’
ਜਿੱਤ ਲਈ 172 ਦੌੜਾਂ ਦਾ ਪਿੱਛਾ ਕਰਦੇ ਹੋਏ 39 ਗੇਂਦਾਂ ਵਿੱਚ 74 ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨੀ ਖਿਡਾਰੀਆਂ ਦਾ ਬਿਨਾਂ ਕਾਰਨ ਲੜਨ ਦਾ ਇਰਾਦਾ ਪਸੰਦ ਨਹੀਂ ਆਇਆ, ਜਿਸ ਕਰਕੇ ਉਨ੍ਹਾਂ ਦੀ ਬਹਿਸ ਹੋਈ। ਅਭਿਸ਼ੇਕ ਅਤੇ ਸ਼ੁਭਮਨ ਗਿੱਲ ਨੇ ਪਹਿਲੀ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਕੀਤੀ। ਪਾਕਿਸਤਾਨੀ ਤੇਜ਼ ਗੇਂਦਬਾਜ਼ ਹਾਰਿਸ ਰਊਫ ਅਤੇ ਸ਼ਾਹੀਨ ਸ਼ਾਹ ਅਫਰੀਦੀ ਨਾਲ ਅਭਿਸ਼ੇਕ ਅਤੇ ਗਿੱਲ ਦੀ ਬਹਿਸ ਹੋਈ ਸੀ।
ਅਭਿਸ਼ੇਕ ਨੇ ਮੈਚ ਤੋਂ ਬਾਅਦ ਕਿਹਾ, "ਜਿਸ ਤਰ੍ਹਾਂ ਪਾਕਿਸਤਾਨੀ ਖਿਡਾਰੀ ਬਿਨਾਂ ਵਜ੍ਹਾ ਸਾਡੇ ਨਾਲ ਭਿੜ ਰਹੇ ਸਨ, ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਦਾ ਇਲਾਜ ਹਮਲਾਵਰ ਬੱਲੇਬਾਜ਼ੀ ਨਾਲ ਹੀ ਕਰਨਾ ਸੀ।"
ਗਿੱਲ ਨਾਲ ਆਪਣੀ ਸਾਂਝੇਦਾਰੀ ਬਾਰੇ ਅਭਿਸ਼ੇਕ ਨੇ ਕਿਹਾ, ‘‘ਅਸੀਂ ਸਕੂਲ ਦੇ ਦਿਨਾਂ ਤੋਂ ਇਕੱਠੇ ਖੇਡ ਰਹੇ ਹਾਂ ਅਤੇ ਇੱਕ-ਦੂਜੇ ਨਾਲ ਖੇਡਣ ਵਿੱਚ ਮਜ਼ਾ ਆਉਂਦਾ ਹੈ। ਸਾਨੂੰ ਲੱਗਿਆ ਕਿ ਅੱਜ ਵੱਡੀ ਸਾਂਝੇਦਾਰੀ ਬਣਾਵਾਂਗੇ।’’