ਪਾਕਿਸਤਾਨ: ਕੋਇਟਾ ਵਿੱਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ, 10 ਮੌਤਾਂ
ਧਮਾਕੇ ਮਗਰੋਂ ਹਸਪਤਾਲਾਂ ’ਚ ਐਮਰਜੈਂਸੀ ਐਲਾਨੀ
ਡਾਨ (Dawn) ਦੀ ਰਿਪੋਰਟ ਅਨੁਸਾਰ ਮੰਗਲਵਾਰ ਨੂੰ ਪਾਕਿਸਤਾਨ ਦੇ ਗੜਬੜਜ਼ਦਾ ਬਲੋਚਿਸਤਾਨ ਸੂਬੇ ਵਿੱਚ ਇੱਕ ਸ਼ਕਤੀਸ਼ਾਲੀ ਧਮਾਕੇ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ।
ਬੰਬ ਧਮਾਕਾ ਕੋਇਟਾ ਦੇ ਫਰੰਟੀਅਰ ਕਾਂਸਟੇਬਲਰੀ (FC) ਹੈੱਡਕੁਆਰਟਰ ਦੇ ਨੇੜੇ ਇੱਕ ਵਿਅਸਤ ਸੜਕ ’ਤੇ ਹੋਇਆ। ਸੋਸ਼ਲ ਮੀਡੀਆ ’ਤੇ ਸੀਸੀਟੀਵੀ ਵੀਡੀਓਜ਼ ਸਾਹਮਣੇ ਆਏ ਹਨ ਜੋ ਉਸ ਪਲ ਨੂੰ ਦਿਖਾ ਰਹੇ ਹਨ ਜਦੋਂ ਸ਼ਕਤੀਸ਼ਾਲੀ ਧਮਾਕਾ ਸੜਕ 'ਤੇ ਹੋਇਆ।
ਪੁਲੀਸ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਧਮਾਕੇ ਵਿੱਚ 10 ਲੋਕ ਮਾਰੇ ਗਏ ਜਦੋਂ ਕਿ ਘੱਟੋ-ਘੱਟ 19 ਹੋਰ ਜ਼ਖਮੀ ਹੋਏ। ਡਾਨ ਅਖ਼ਬਾਰ ਨੇ ਸਿਹਤ ਸਕੱਤਰ ਮੁਜੀਬੁਰ ਰਹਿਮਾਨ ਦੇ ਹਵਾਲੇ ਨਾਲ ਦੱਸਿਆ ਕਿ ਬਲੋਚਿਸਤਾਨ ਸਿਹਤ ਵਿਭਾਗ ਨੇ ਸ਼ਹਿਰ ਭਰ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ।
ਰਹਿਮਾਨ ਨੇ ਕਿਹਾ, “ਸਾਰੇ ਸਲਾਹਕਾਰਾਂ (consultants), ਡਾਕਟਰਾਂ, ਫਾਰਮਾਸਿਸਟਾਂ, ਸਟਾਫ਼ ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਨੂੰ ਹਸਪਤਾਲਾਂ ਵਿੱਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।”
ਅਖ਼ਬਾਰ ਨੇ ਸੂਬਾਈ ਸਿਹਤ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਡਾ. ਵਸੀਮ ਬੇਗ ਦੇ ਹਵਾਲੇ ਨਾਲ ਕਿਹਾ, ‘‘ਧਮਾਕੇ ਵਿੱਚ ਜ਼ਖਮੀ ਹੋਏ ਉੱਨੀ ਲੋਕਾਂ ਨੂੰ ਸਿਵਲ ਹਸਪਤਾਲ ਦੇ ਦੁਰਘਟਨਾ ਅਤੇ ਐਮਰਜੈਂਸੀ ਵਿਭਾਗ ਅਤੇ ਟਰਾਮਾ ਸੈਂਟਰ ਲਿਆਂਦਾ ਗਿਆ।’’