ਪਾਕਿਸਤਾਨ ਫੌਜ ਮੁਖੀ ਮੁਨੀਰ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ
ਤਿਆਨਜਿਨ ਵਿੱਚ ਹਾਲ ਹੀ ਵਿੱਚ ਹੋਏ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਤੋਂ ਬਾਅਦ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਵਫ਼ਦ ਨਾਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਇੱਕ ਰਸਮੀ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਅਤੇ ਖੇਤਰੀ ਸਹਿਯੋਗ ਸਬੰਧਾਂ ਤੇ ਵਿਸਥਾਰ ਚਰਚਾ ਕੀਤੀ ਗਈ।
ਇੱਕ ਦਿਨ ਪਹਿਲਾਂ ਸਮਾਪਤ ਹੋਏ SCO ਸੰਮੇਲਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਸੰਮੇਲਨ ਵਿੱਚ ਅਤਿਵਾਦ ਦੀ ਨਿੰਦਾ ਕਰਦੇ ਹੋਏ ਇੱਕ ਸਾਂਝਾ ਐਲਾਨਨਾਮਾ ਜਾਰੀ ਕੀਤਾ ਗਿਆ, ਜਿਸ ਵਿੱਚ ਪਹਿਲਗਾਮ ਹਮਲੇ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਫੌਜ ਮੁਖੀ ਬਣਨ ਤੋਂ ਬਾਅਦ ਮੁਨੀਰ ਦਾ ਇਹ ਦੂਜਾ ਚੀਨ ਦੌਰਾ ਹੈ। ਜੁਲਾਈ ਵਿੱਚ ਆਪਣੀ ਪਹਿਲੀ ਫੇਰੀ ਦੌਰਾਨ ਉਹ ਉਪ ਰਾਸ਼ਟਰਪਤੀ ਹਾਨ ਜ਼ੇਂਗ ਨੂੰ ਮਿਲੇ ਸਨ ਪਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਨਹੀਂ ਮਿਲੇ। ਮੁਨੀਰ ਨੂੰ ਪਹਿਲਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਸੀ। ਇਹ ਇੱਕ ਅਜਿਹੀ ਪਹਿਲ ਸੀ, ਜਿਸਨੇ ਪਾਕਿਸਤਾਨ-ਚੀਨ ਸਿਆਸੀ ਸਬੰਧਾਂ ਕਾਰਨ ਭਾਰਤ ਅਤੇ ਚੀਨ ਦਾ ਧਿਆਨ ਆਪਣੇ ਵੱਲ ਖਿੱਚਿਆ।
ਮੁਲਾਕਾਤ ਦੌਰਾਨ ਮੁਨੀਰ ਅਤੇ ਸ਼ਰੀਫ ਨੇ ਸ਼ੀ ਜਿਨਪਿੰਗ ਨਾਲ ਦੁਵੱਲੇ ਅਤੇ ਖੇਤਰੀ ਸਹਿਯੋਗ ’ਤੇ ਵਿਆਪਕ ਗੱਲਬਾਤ ਕੀਤੀ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇੇ ਕਿਹਾ ਕਿ ਸ਼ੀ ਜਿਨਪਿੰਗ ਨੇ ਵਿਆਪਕ ਖੇਤਰੀ ਸਹਿਯੋਗ ਲਈ ਇੱਕ ਉਦਾਹਰਣ ਕਾਇਮ ਕਰਦੇ ਹੋਏ ਚੀਨ-ਪਾਕਿਸਤਾਨ ਭਾਈਚਾਰੇ ਨੂੰ ਤੇਜ਼ ਕਰਨ ’ਤੇ ਜ਼ੋਰ ਦਿੱਤਾ।