ਆਸਿਮ ਮੁਨੀਰ ਨੂੰ ਰੱਖਿਆ ਬਲਾਂ ਦਾ ਪ੍ਰਮੁੱਖ ਬਣਾਉਣ ਲਈ ਪਾਕਿਸਤਾਨ ਵੱਲੋਂ ਸੰਵਿਧਾਨ ’ਚ ਸੋਧ
ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਤਜਵੀਜ਼ਤ 27ਵੀਂ ਸੰਵਿਧਾਨਕ ਸੋਧ ਤਹਿਤ ਮੁਲਕ ਦੇ ਥਲ ਸੈਨਾ ਮੁਖੀ ਆਸਿਮ ਮੁਨੀਰ ਰੱਖਿਆ ਬਲਾਂ ਦੇ ਪ੍ਰਮੁੱਖ (ਚੀਫ਼ ਆਫ਼ ਡਿਫੈਂਸ) ਦਾ ਨਵਾਂ ਅਹੁਦਾ ਸੰਭਾਲ ਸਕਦੇ ਹਨ। ਕਾਬਿਲੇਗੌਰ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਮਈ ਵਿਚ ਹੋਏ ਟਕਰਾਅ ਮਗਰੋਂ ਮੁਨੀਰ ਨੂੰ ਫੀਲਡ ਮਾਰਸ਼ਲ ਵਜੋਂ ਤਰੱਕੀ ਦਿੱਤੀ ਗਈ ਸੀ। ਭਾਰਤੀ ਫੌਜਾਂ ਨੇ ਪਾਕਿਸਤਾਨੀ ਹਵਾਈ ਅੱਡਿਆਂ ’ਤੇ ਹਮਲਾ ਕਰਕੇ ਰਾਡਾਰ ਸਿਸਟਮ, ਕਮਾਂਡ ਸੈਂਟਰ, ਰਨਵੇਅ, ਹੈਂਗਰ ਅਤੇ ਸਤਹਿ ਤੋਂ ਹਵਾ ਵਿੱਚ ਮਾਰ ਕਰਨ ਵਾਲੇ ਮਿਜ਼ਾਈਲ (SAM) ਸਿਸਟਮ ਨੂੰ ਨੁਕਸਾਨ ਪਹੁੰਚਾਇਆ ਅਤੇ ਤਬਾਹ ਕਰ ਦਿੱਤਾ ਸੀ। ਇਸ ਮਗਰੋਂ ਪਾਕਿਸਤਾਨ ਦੇ ਮਿਲਟਰੀ ਅਪਰੇਸ਼ਨਾਂ ਬਾਰੇ ਡਾਇਰੈਕਟਰ ਜਨਰਲ (DGMO) ਨੇ ਆਪਣੇ ਭਾਰਤੀ ਹਮਰੁਤਬਾ ਨੂੰ ਫੋਨ ਕਰਕੇ ਜੰਗ ਖ਼ਤਮ ਕਰਨ ਦੀ ਅਪੀਲ ਕੀਤੀ ਸੀ।
ਡਾਅਨ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਸੰਘੀ ਕੈਬਨਿਟ ਨੇ ਸੋਧ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ। ਸ਼ਨਿੱਚਰਵਾਰ ਨੂੰ ਇਹ ਖਰੜਾ ਸੈਨੇਟ ਵਿੱਚ ਪੇਸ਼ ਕੀਤਾ ਗਿਆ ਅਤੇ ਸਾਂਝੀ ਸਮੀਖਿਆ ਲਈ ਰਾਸ਼ਟਰੀ ਅਸੈਂਬਲੀ ਅਤੇ ਸੈਨੇਟ ਦੀਆਂ ਕਾਨੂੰਨ ਅਤੇ ਨਿਆਂ ਬਾਰੇ ਸਥਾਈ ਕਮੇਟੀਆਂ ਨੂੰ ਭੇਜਿਆ ਗਿਆ। ਡਾਅਨ ਅਨੁਸਾਰ, ਵਿਚਾਰ-ਵਟਾਂਦਰੇ ਦੌਰਾਨ ਕਾਨੂੰਨ ਮੰਤਰੀ ਆਜ਼ਮ ਨਜ਼ੀਰ ਤਰਾਰ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਪ੍ਰਧਾਨ ਦਾ ਕਾਰਜਕਾਲ ਖ਼ਤਮ ਹੋਣ ਦੇ ਨਾਲ ਹੀ ਚੇਅਰਮੈਨ ਜੁਆਇੰਟ ਚੀਫ਼ਸ ਆਫ਼ ਸਟਾਫ ਕਮੇਟੀ (ਸੀਜੇਸੀਐਸਸੀ) ਦਾ ਦਫ਼ਤਰ 27 ਨਵੰਬਰ ਤੋਂ ਖਤਮ ਕਰ ਦਿੱਤਾ ਜਾਵੇਗਾ।
ਪਾਕਿਸਤਾਨ ਦੇ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਇਸ ਸਮੇਂ ਇਸ ਅਹੁਦੇ ’ਤੇ ਕਾਬਜ਼ ਹਨ। ਆਪਣੀ ਸਪੱਸ਼ਟੀਕਰਨ ਵਿਚ ਤਰਾਰ ਨੇ ਮਿਰਜ਼ਾ ਨੂੰ ‘ਹੀਰੋ’ ਕਿਹਾ ਅਤੇ ਕਿਹਾ ਕਿ ‘ਸੰਸਦ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਇਸ ਭੂਮਿਕਾ ਤੋਂ ਹਟਾਉਣ ਬਾਰੇ ਸੋਚ ਵੀ ਨਹੀਂ ਸਕਦੀ।’ ਤਰਾਰ ਨੇ ਕਿਹਾ, ‘‘ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਇਸ ਅਹੁਦੇ ਨੂੰ ਖਤਮ ਕਰ ਦੇਵੇਗੀ।’’
ਰੋਜ਼ਨਾਮਚੇ ਨੇ ਕਿਹਾ ਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਅਹੁਦੇ ’ਤੇ ਕੋਈ ਨਵੀਂ ਨਿਯੁਕਤੀ ਨਹੀਂ ਕੀਤੀ ਜਾਵੇਗੀ ਕਿਉਂਕਿ ਚੀਫ਼ ਆਫ਼ ਆਰਮੀ ਸਟਾਫ਼ (COAS) ਰੱਖਿਆ ਬਲਾਂ ਦੇ ਮੁਖੀ ਦੀ ਭੂਮਿਕਾ ਸੰਭਾਲਣਗੇ। ਇਸ ਤਰ੍ਹਾਂ ਮੁਨੀਰ ਦੀ ਅਗਵਾਈ ਹੇਠ ਸਿਖਰਲੇ ਕਮਾਂਡ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਕਾਨੂੰਨ ਮੰਤਰੀ ਨੇ ਅੱਗੇ ਦੱਸਿਆ ਕਿ ਬਿੱਲ ਰਸਮੀ ਤੌਰ ’ਤੇ ਜਨਰਲ ਮੁਨੀਰ ਦੇ ਫੀਲਡ ਮਾਰਸ਼ਲ ਦੇ ਅਹੁਦੇ ਨੂੰ ਵੀ ਸਵੀਕਾਰ ਕਰਦਾ ਹੈ। ਉਨ੍ਹਾਂ ਇਸ ਨੂੰ ‘ਇਕ ਖਿਤਾਬ ਦੱਸਿਆ, ਨਾ ਕੋਈ ਅਹੁਦਾ , ਨਾ ਕੋਈ ਨਿਯੁਕਤੀ।’’ ਉਨ੍ਹਾਂ ਕਿਹਾ ਕਿ ਇਹ ਖਿਤਾਬ ਸਨਮਾਨਜਨਕ ਹੈ ਅਤੇ ਜੀਵਨ ਭਰ ਲਈ ਵੈਧ ਹੈ, ਜਿਵੇਂ ਕਿ ਦੂਜੇ ਦੇਸ਼ਾਂ ਵਿੱਚ ਮਾਰਸ਼ਲ ਆਫ਼ ਦ ਏਅਰ ਫੋਰਸ ਜਾਂ ਐਡਮਿਰਲ ਆਫ਼ ਦ ਫਲੀਟ ਵਰਗੇ ਖਿਤਾਬ ਦਿੱਤੇ ਜਾਂਦੇ ਹਨ।
ਉਧਰ ਇਸ ਤਜਵੀਜ਼ਤ ਸੋਧ ਬਾਰੇ ਸਿਆਸੀ ਵਾਦ ਵਿਵਾਦ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਪੀਪਲਜ਼ ਪਾਰਟੀ (PPP) ਨੇ ਕਿਹਾ ਕਿ ਉਹ ਹਥਿਆਰਬੰਦ ਬਲਾਂ ਨਾਲ ਸਬੰਧਤ ਆਰਟੀਕਲ 243 ਵਿਚ ਸੋਧ ਦੀ ਹਮਾਇਤ ਕਰੇਗੀ, ਪਰ 18ਵੀਂ ਸੋਧ ਤਹਿਤ ਸੂਬਾਈ ਖ਼ੁਦਮੁਖਤਿਆਰੀ ਵਾਪਸ ਲੈਣ ਦੇ ਕਿਸੇ ਵੀ ਫੈਸਲੇ ਦਾ ਵਿਰੋਧ ਕੀਤਾ ਜਾਵੇਗਾ। ਜਮਾਇਤ ਉਲੇਮਾ-ਏ-ਇਸਲਾਮ-ਫਜ਼ਲ (JUI-F) ਤੇ ਵਿਰੋਧੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਨੇ ਬਿੱਲ ਦੀ ਨੁਕਤਾਚੀਨੀ ਕਰਦਿਆਂ ਇਸ ਨੂੰ ‘ਸੰਸਦ ’ਤੇ ਹਮਲਾ’ ਕਰਾਰ ਦਿੱਤਾ ਹੈ। ਡਾਅਨ ਦੀ ਰਿਪੋਰਟ ਮੁਤਾਬਕ ਤਜਵੀਜ਼ਤ ਸੋਧ ’ਤੇ ਵਿਚਾਰ-ਵਟਾਂਦਰਾ ਜਾਰੀ ਰੱਖਣ ਲਈ ਦੋਵਾਂ ਸਦਨਾਂ ਦੀਆਂ ਸਾਂਝੀਆਂ ਕਾਨੂੰਨ ਕਮੇਟੀਆਂ ਐਤਵਾਰ ਨੂੰ ਦੁਬਾਰਾ ਮਿਲਣਗੀਆਂ।
