ਪਾਕਿ ਏਅਰਲਾਈਨਜ਼ ਨੇ ਬਰਤਾਨੀਆ ਲਈ ਮੁੜ ਸ਼ੁਰੂ ਕੀਤੀਆਂ ਉਡਾਣਾਂ
ਫ਼ਰਜ਼ੀ ਪਾਇਲਟ ਲਾਇਸੈਂਸ ਘੁਟਾਲੇ ਕਾਰਨ ਲਗਾਈ ਗਈ ਸੀ ਪਾਬੰਦੀ
ਸਰਕਾਰੀ ਮਾਲਕੀ ਵਾਲੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ ਆਈ ਏ) ਨੇ ਫ਼ਰਜ਼ੀ ਪਾਇਲਟ ਲਾਇਸੈਂਸ ਘੁਟਾਲੇ ਕਾਰਨ ਲਗਾਈ ਗਈ ਪਾਬੰਦੀ ਤੋਂ ਬਾਅਦ ਪੰਜ ਸਾਲ ਦੀ ਮੁਅੱਤਲੀ ਮਗਰੋਂ ਅੱਜ ਬਰਤਾਨੀਆ ਲਈ ਆਪਣੀਆਂ ਉਡਾਣਾਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਹਨ। ਏਅਰਲਾਈਨਜ਼ ਨੇ ਕਿਹਾ ਕਿ ਇਸਲਾਮਾਬਾਦ ਤੋਂ ਮਾਨਚੈਸਟਰ ਲਈ ਜੁਲਾਈ 2020 ਤੋਂ ਬਾਅਦ ਦੀ ਪਹਿਲੀ ਉਡਾਣ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਦੀ ਮੌਜੂਦਗੀ ਵਿੱਚ 284 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈ। ਯੂਰੋਪੀਅਨ ਯੂਨੀਅਨ ਹਵਾਬਾਜ਼ੀ ਸੁਰੱਖਿਆ ਏਜੰਸੀ (ਈ ਏ ਐੱਸ ਏ) ਅਤੇ ਯੂ ਕੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ 2020 ਵਿੱਚ ਪੀ ਆਈ ਏ ਦੀਆਂ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ ਕਰਾਚੀ ਵਿੱਚ ਦੁਖਦਾਈ ਹਵਾਈ ਹਾਦਸੇ, ਜਿਸ ਵਿੱਚ ਲਗਪਗ 100 ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ ਤਤਕਾਲੀ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਦੇ ਖੁਲਾਸੇ ਕਿ ਵੱਡੀ ਗਿਣਤੀ ਪਾਕਿਸਤਾਨੀ ਪਾਇਲਟਾਂ ਕੋਲ ਫ਼ਰਜ਼ੀ ਲਾਇਸੈਂਸ ਸਨ, ਦੇ ਮੱਦੇਨਜ਼ਰ ਲਗਾਈ ਗਈ ਸੀ। ਸੁਰੱਖਿਆ ਏਜੰਸੀ ਨੇ ਜਿੱਥੇ ਪਿਛਲੇ ਸਾਲ ਨਵੰਬਰ ਵਿੱਚ ਪਾਬੰਦੀ ਹਟਾ ਦਿੱਤੀ ਸੀ, ਉੱਥੇ ਹੀ ਬਰਤਾਨੀਆ ਨੇ ਇਸ ਸਾਲ ਜੁਲਾਈ ਵਿੱਚ ਪਾਕਿਸਤਾਨ ਨੂੰ ਆਪਣੀ ਹਵਾਈ ਸੁਰੱਖਿਆ ਸੂਚੀ ਵਿੱਚੋਂ ਹਟਾ ਦਿੱਤਾ, ਜਿਸ ਕਰ ਕੇ ਪਾਕਿਸਤਾਨੀ ਏਅਰਲਾਈਨਾਂ ਨੂੰ ਬਰਤਾਨੀਆ ਵਿੱਚ ਉਡਾਣਾਂ ਚਲਾਉਣ ਲਈ ਅਰਜ਼ੀ ਦੇਣ ਦੀ ਇਜਾਜ਼ਤ ਮਿਲ ਗਈ। ਉਡਾਣ ਦੇ ਰਵਾਨਾ ਹੋਣ ਤੋਂ ਪਹਿਲਾਂ ਇਸਲਾਮਾਬਾਦ ਕੌਮਾਂਤਰੀ ਹਵਾਈ ਅੱਡੇ ’ਤੇ ਸਾਦਾ ਸਮਾਰੋਹ ਕਰਵਾਇਆ ਗਿਆ।

