ਪਹਿਲਗਾਮ ਦਹਿਸ਼ਤੀ ਹਮਲਾ: ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰੀ ਰਿਹਾਇਸ਼ ’ਤੇ CCS ਤੇ ਕੈਬਨਿਟ ਕਮੇਟੀ ਦੀਆਂ ਮੀਟਿੰਗ ਸ਼ੁਰੂ
ਅਦਿੱਤੀ ਟੰਡਨ
ਨਵੀਂ ਦਿੱਲੀ, 30 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਸਰਕਾਰੀ ਰਿਹਾਇਸ਼ ’ਤੇ ਕੇਂਦਰੀ ਕੈਬਨਿਟ ਅਤੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀਆਂ ਮੁੱਖ ਮੀਟਿੰਗਾਂ ਦੀ ਪ੍ਰਧਾਨਗੀ ਕਰ ਰਹੇ ਹਨ। ਦੋਵੇਂ ਮੀਟਿੰਗਾਂ ਸਵੇਰੇ 11 ਵਜੇ ਸ਼ੁਰੂ ਹੋਈਆਂ ਅਤੇ ਇਨ੍ਹਾਂ ਵਿਚ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਜਵਾਬੀ ਕਾਰਵਾਈ ਦੇ ਉਪਾਵਾਂ ਬਾਰੇ ਵੱਡੇ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਪਹਿਲਗਾਮ ਹਮਲੇ ਦੇ ਮੱਦੇਨਜ਼ਰ ਕੇਂਦਰੀ ਕੈਬਨਿਟ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣ ’ਤੇ ਵੀ ਫੈਸਲਾ ਲੈ ਸਕਦੀ ਹੈ।
ਸੀਸੀਐਸ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਾਮਲ ਹੋ ਰਹੇ ਹਨ। ਇਸ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਕੇਂਦਰੀ ਕੈਬਨਿਟ ਸਕੱਤਰ ਟੀਵੀ ਸੋਮਨਾਥਨ, ਪ੍ਰਧਾਨ ਮੰਤਰੀ ਦੇ ਦੋ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ ਅਤੇ ਸ਼ਕਤੀਕਾਂਤ ਦਾਸ ਵੀ ਸ਼ਾਮਲ ਹੋਣਗੇ।
ਸੁਰੱਖਿਆ ਬਾਰੇ ਕੈਬਨਿਟ ਕਮੇਟੀ ਵੱਲੋਂ 23 ਅਪਰੈਲ ਨੂੰ ਪਾਕਿਸਤਾਨ ਵਿਰੁੱਧ ਐਲਾਨੇ ਗਏ ਜਵਾਬੀ ਕਾਰਵਾਈ ਵਾਲੇ ਉਪਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੇ ਜਾਣ ਦੀ ਉਮੀਦ ਹੈ, ਜਿਸ ਵਿੱਚ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨਾ ਅਤੇ ਸਿੰਧੂ ਜਲ ਸੰਧੀ ਮੁਅੱਤਲ ਕਰਨਾ ਸ਼ਾਮਲ ਹਨ। ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ 26 ਭਾਰਤੀ ਸੈਲਾਨੀਆਂ ਦੀ ਹੱਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤੀ ਹਥਿਆਰਬੰਦ ਬਲਾਂ ਨੂੰ ਜਵਾਬੀ ਕਾਰਵਾਈ ਦਾ ਢੰਗ ਤਰੀਕਾ, ਟੀਚਾ ਤੇ ਸਮਾਂ ਨਿਰਧਾਰਿਤ ਕਰਨ ਦੀ ਪੂਰੀ ਖੁੱਲ੍ਹ ਹੈ। ਸੁਰੱਖਿਆ ਬਾਰੇ ਕੈਬਨਿਟ ਕਮੇਟੀ ਫੌਜੀ ਕਾਰਵਾਈ ਲਈ ਅੰਤਿਮ ਮੋਹਰ ਵੀ ਲਾਏਗੀ।
ਇਸ ਤੋਂ ਇਲਾਵਾ CCS ਨੂੰ ਹਮਲੇ ਦੀ ਐੱਨਆਈਏ ਜਾਂਚ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜਾਂਚ ਵਿਚ ਪਾਕਿਸਤਾਨੀ ਫੌਜ ਦੇ ਸਾਬਕਾ ਪੈਰਾ ਕਮਾਂਡਰ ਹਾਸ਼ਿਮ ਮੂਸਾ ਤੇ ਕਈ ਸਥਾਨਕ ਲੋਕਾਂ ਦੀ ਭੂਮਿਕਾ ਦੀ ਸਾਹਮਣੇ ਆਈ ਹੈ, ਜਿਸ ਨਾਲ ਇਸ ਦਹਿਸ਼ਤੀ ਹਮਲੇ ਦੇ ਤਾਰ ਪਾਕਿਸਤਾਨ ਨਾਲ ਜੁੜਦੇ ਹਨ।
ਭਾਰਤ ਵੱਲੋਂ ਪਾਕਿਸਤਾਨ ਨੂੰ ਅਤਿਵਾਦ ਨੂੰ ਸਰਪ੍ਰਸਤੀ ਦੇਣ ਵਾਲਾ ਮੁਲਕ ਐਲਾਨਣ ਲਈ ਹੋਰ ਕੂਟਨੀਤਕ ਕਾਰਵਾਈ ਕਰਨ ’ਤੇ ਵੀ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਭਾਰਤ ਨੇ ਲੰਘੇ ਦਿਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਇਕਬਾਲੀਆ ਬਿਆਨ ਦਾ ਹਵਾਲਾ ਦਿੰਦੇ ਹੋਏ ਯੂਐੱਨ ਵਿਚ ਕਿਹਾ ਸੀ ਕਿ ਪਾਕਿਸਤਾਨ ਇੱਕ ਸ਼ਾਤਰ ਮੁਲਕ ਹੈ, ਜੋ ਵਿਸ਼ਵਵਿਆਪੀ ਅਤਿਵਾਦ ਨੂੰ ਹਵਾ ਦੇ ਰਿਹਾ ਹੈ ਅਤੇ ਦੁਨੀਆ ਹੁਣ ਇਸ ਤੋਂ ਅੱਖਾਂ ਨਹੀਂ ਮੀਟ ਸਕਦੀ। ਇਹ ਪਤਾ ਲੱਗਾ ਹੈ ਕਿ ਸੀਸੀਐਸ ਦੀ ਬੈਠਕ ਵਿਚ ਫੌਜੀ ਤੇ ਆਰਥਿਕ ਤੋਂ ਲੈ ਕੇ ਕੂਟਨੀਤਕ ਤੱਕ ਸਾਰੇ ਸੰਭਾਵੀ ਉਪਾਵਾਂ ’ਤੇ ਚਰਚਾ ਕੀਤੀ ਜਾਵੇਗੀ।