ਪਹਿਲਗਾਮ ਹਮਲਾ: ਪਾਕਿਸਤਾਨ ਦਾ ਦਾਅਵਾ...ਭਾਰਤ 24 ਤੋਂ 36 ਘੰਟਿਆਂ ’ਚ ਕਰ ਸਕਦੈ ਫੌਜੀ ਕਾਰਵਾਈ
India planning military action in next 24-36 hours, will face consequences: Pakistan
ਨਵੀਂ ਦਿੱਲੀ, 30 ਅਪਰੈਲ
Pahalgam Attack: ਪਾਕਿਸਤਾਨ ਨੇ ਬੁੱਧਵਾਰ ਨੂੰ ‘ਭਰੋਸੇਯੋਗ ਖੁਫ਼ੀਆ ਜਾਣਕਾਰੀ’ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਭਾਰਤ ਅਗਲੇ 24 ਤੋਂ 36 ਘੰਟਿਆਂ ਵਿਚ ਉਸ ਖਿਲਾਫ਼ ਫੌਜੀ ਕਾਰਵਾਈ ਦੀ ਯੋਜਨਾ ਘੜ ਰਿਹਾ ਹੈ। ਪਾਕਿਸਤਾਨ ਨੇ ਨਾਲ ਹੀ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਉਸ ਨੂੰ ਵੀ ਇਸ ਦੇ ਸਿੱਟੇ ਭੁਗਤਣੇ ਹੋਣਗੇ।
ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਰਾਰ ਨੇ ਕਿਹਾ ਕਿ ਭਾਰਤ ਸਰਕਾਰ ਪਹਿਲਗਾਮ ਵਿਚ ਪਿਛਲੇ ਦਿਨੀਂ ਹੋਏ ਦਹਿਸ਼ਤੀ ਹਮਲੇ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਸਬੰਧੀ ‘ਬੇਬੁਨਿਆਦ ਤੇ ਮਨਘੜਤ ਦੋਸ਼ਾਂ’ ਦੇ ਅਧਾਰ ’ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ।
ਮੰਤਰੀ ਨੇ ਕਿਹਾ ਕਿ ਪਾਕਿਸਤਾਨ ਖ਼ੁਦ ਅਤਿਵਾਦ ਦੀ ਮਾਰ ਝੱਲਦਾ ਰਿਹਾ ਹੈ ਤੇ ਉਸ ਨੇ ਹਮੇਸ਼ਾ ਅਤਿਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਖ਼ੁਦ ਇਕ ਕਮਿਸ਼ਨ ਵੱਲੋਂ ‘ਇਤਬਾਰੀ, ਪਾਰਦਰਸ਼ੀ ਤੇ ਨਿਰਪੱਖ’ ਜਾਂਚ ਦੀ ਪੇਸ਼ਕਸ਼ ਕੀਤੀ ਹੈ, ਪਰ ਭਾਰਤ ਜਾਂਚ ਤੋਂ ਬਚ ਕੇ ਟਕਰਾਅ ਦਾ ਰਾਹ ਚੁਣ ਰਿਹਾ ਹੈ।
ਪਾਕਿਸਤਾਨ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਚੌਕਸ ਰਹਿਣਾ ਚਾਹੀਦਾ ਹੈ। ਤਰਾਰ ਨੇ ਚੇਤਾਵਨੀ ਦਿੱਤੀ ਕਿ ਭਾਰਤ ਵੱਲੋਂ ਕਿਸੇ ਵੀ ਫੌਜੀ ਹਿਮਾਕਤ ਦਾ ‘ਯਕੀਨੀ ਤੌਰ ’ਤੇ ਜਵਾਬ ਦਿੱਤਾ ਜਾਵੇਗਾ’ ਤੇ ‘ਟਕਰਾਅ ਵਧਣ ਦੀ ਸਥਿਤੀ ਵਿਚ ਇਸ ਦੇ ਸਿੱਟਿਆਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਭਾਰਤ ਦੀ ਹੋਵੇਗੀ।’ -ਪੀਟੀਆਈ

