ਪਹਿਲਗਾਮ ਹਮਲਾ: ਜਾਂਚ ’ਤੇ ਨਜ਼ਰਸਾਨੀ ਲਈ ਐੱਨਆਈਏ ਮੁਖੀ ਸਦਾਨੰਦ ਦਾਤੇ ਪਹਿਲਗਾਮ ਪੁੱਜੇ
Pahalgam attack: NIA Chief arrives in Pahalgam
ਆਦਿਲ ਅਖ਼ਜ਼ਰ
ਸ੍ਰੀਨਗਰ, 1 ਮਈ
ਕੌਮੀ ਜਾਂਚ ਏਜੰਸੀ (NIA) ਦੇ ਮੁਖੀ ਸਦਾਨੰਦ ਦਾਤੇ ਵੀਰਵਾਰ ਨੂੰ ਪਹਿਲਗਾਮ ਪਹੁੰਚ ਗਏ ਹਨ। ਐੱਨਆਈਏ ਵੱਲੋਂ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ 25 ਸੈਲਾਨੀਆਂ ਤੇ ਇਕ ਮੁਕਾਮੀ ਵਿਅਕਤੀ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਐੱਨਆਈਏ ਦੇ ਡੀਜੀ ਸਦਾਨੰਦ ਦਾਤੇ ਵੀਰਵਾਰ ਸਵੇਰੇ ਦੱਖਣੀ ਕਸ਼ਮੀਰ ਦੇ ਟੂਰਿਸਟ ਰਿਜ਼ੋਰਟ ਪਹਿਲਗਾਮ ਪਹੁੰਚੇ ਤਾਂ ਜੋ ਹਮਲੇ ਦੀ ਚੱਲ ਰਹੀ ਜਾਂਚ ਦੀ ਨਿਗਰਾਨੀ ਕੀਤੀ ਜਾ ਸਕੇ। ਏਜੰਸੀ ਦੀਆਂ ਕਈ ਟੀਮਾਂ ਪਹਿਲਾਂ ਹੀ ਪਹਿਲਗਾਮ ਨੇੜੇ ਬੈਸਰਨ ਮੈਦਾਨ ਦਾ ਦੌਰਾ ਕਰ ਚੁੱਕੀਆਂ ਹਨ ਅਤੇ ਇੱਥੇ ਸਿਰਫ਼ ਪੈਦਲ ਹੀ ਪਹੁੰਚ ਕੀਤੀ ਜਾ ਸਕਦੀ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਐੱਨਆਈਏ ਡੀਜੀ ਦਾ ਪਹਿਲਗਾਮ ਦੌਰਾ ਚੱਲ ਰਹੀ ਜਾਂਚ ਦਾ ਹਿੱਸਾ ਹੈ ਅਤੇ ਡੀਜੀ ਸਥਿਤੀ ਦਾ ਜਾਇਜ਼ਾ ਲੈਣਗੇ। ਸੂਤਰਾਂ ਨੇ ਕਿਹਾ ਕਿ ਐੱਨਆਈਏ ਮੁਖੀ ਨੂੰ ਹਮਲੇ ਦੀ ਚੱਲ ਰਹੀ ਜਾਂਚ ਅਤੇ ਹੁਣ ਤੱਕ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਐੱਨਆਈਏ ਦੇ ਸੀਨੀਅਰ ਅਧਿਕਾਰੀ ਪਹਿਲਗਾਮ ਜਾਂਚ ਦਾ ਹਿੱਸਾ ਹਨ, ਜੋ ਤੇਜ਼ੀ ਨਾਲ ਅੱਗੇ ਵਧ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ ਚਸ਼ਮਦੀਦ ਗਵਾਹਾਂ ਅਤੇ ਇਲਾਕੇ ਵਿੱਚ ਮੌਜੂਦ ਲੋਕਾਂ ਦੇ ਬਿਆਨ ਪਹਿਲਾਂ ਹੀ ਦਰਜ ਕਰ ਲਏ ਹਨ, ਜੋ 22 ਅਪਰੈਲ ਨੂੰ ਹਮਲੇ ਮੌਕੇ ਆਸ-ਪਾਸ ਹੀ ਮੌਜੂਦ ਸਨ। ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਉਨ੍ਹਾਂ ਵਿੱਚ ਇਲਾਕੇ ਦੇ ਆਲੇ-ਦੁਆਲੇ ਮੌਜੂਦ ਘੋੜੇ ਖੱਚਰ ਵਾਲੇ ਵੀ ਸ਼ਾਮਲ ਹਨ। ਹਮਲਾਵਰਾਂ ਵਿੱਚ ਦੋ ਪਾਕਿਸਤਾਨੀ ਨਾਗਰਿਕ ਅਤੇ ਲਸ਼ਕਰ-ਏ-ਤੋਇਬਾ ਸੰਗਠਨ ਨਾਲ ਸਬੰਧਤ ਇੱਕ ਸਥਾਨਕ ਅਤਿਵਾਦੀ ਸ਼ਾਮਲ ਹੈ। ਉਨ੍ਹਾਂ ਦੀ ਪਛਾਣ ਅਨੰਤਨਾਗ ਜ਼ਿਲ੍ਹੇ ਦੇ ਆਦਿਲ ਹੁਸੈਨ ਠੋਕਰ, ਅਲੀ ਬਹੀ ਉਰਫ ਤਲਹਾ ਬਹੀ ਅਤੇ ਹਾਸ਼ਿਮ ਮੂਸਾ ਉਰਫ ਸੁਲੇਮਾਨ ਵਜੋਂ ਹੋਈ ਹੈ ਤੇ ਇਹ ਦੋਵੇਂ ਪਾਕਿਸਤਾਨ ਤੋਂ ਹਨ। ਘਟਨਾ ਦੇ ਸਬੰਧ ਵਿੱਚ ਪੁੱਛਗਿੱਛ ਲਈ ਵਾਦੀ ਭਰ ਵਿੱਚ 2000 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।