ਪਹਿਲਗਾਮ ਹਮਲਾ: ਅਟਾਰੀ ਸਰਹੱਦ ’ਤੇ ਵਤਨ ਵਾਪਸੀ ਕਰਨ ਵਾਲਿਆਂ ਦਾ ਮੇਲਾ ਲੱਗਾ
ਪਰਿਵਾਰਾਂ ਨਾਲ ਪੁੱਜੇ ਲੋਕ ਭਾਵੁਕ ਦਿਖਾਈ ਦਿੱਤੇ
Advertisement
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਅਪਰੈਲ
ਪਹਿਲਗਾਮ ਹਮਲੇ ਮਗਰੋਂ ਅਟਾਰੀ ਸਰਹੱਦ ਬੰਦ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਅੱਜ ਵੀ ਅਟਾਰੀ ਸਰਹੱਦ ਰਸਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੀ ਵਤਨ ਵਾਪਸੀ ਦਾ ਸਿਲਸਿਲਾ ਜਾਰੀ ਰਿਹਾ। ਇਨ੍ਹਾਂ ਵਿਚ ਕਈ ਅਜਿਹੇ ਲੋਕ ਵੀ ਸਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਧਰ ਰਹਿ ਗਏ ਹਨ ਅਤੇ ਉਹ ਵਾਪਸੀ ਵੇਲੇ ਭਾਵੁਕ ਹੋ ਕੇ ਰੋ ਕੁਰਲਾ ਰਹੇ ਸਨ।
ਇਸ ਦੌਰਾਨ ਅੱਜ ਭਾਰਤ ਤੋਂ 237 ਵਿਅਕਤੀ ਪਾਕਿਸਤਾਨ ਪਰਤੇ ਹਨ ਜਦੋਂ ਕਿ ਪਾਕਿਸਤਾਨ ਤੋਂ 115 ਵਿਅਕਤੀਆਂ ਦੀ ਭਾਰਤ ਵਾਪਸੀ ਹੋਈ। ਇੰਜ ਲਗਪਗ 350 ਤੋਂ ਵੱਧ ਵਿਅਕਤੀਆ ਦੀ ਦੋਵਾਂ ਮੁਲਕਾਂ ਵਿੱਚ ਆਵਾਜਾਈ ਹੋਈ ਹੈ। ਮਿਲੇ ਅੰਕੜਿਆਂ ਮੁਤਾਬਕ ਪਿਛਲੇ ਚਾਰ ਦਿਨਾਂ ਵਿੱਚ ਲਗਪਗ 1500 ਤੋ ਵੱਧ ਵਿਅਕਤੀ ਦੋਵਾਂ ਮੁਲਕਾਂ ਵਿੱਚ ਵਾਪਸ ਪਰਤ ਚੁੱਕੇ ਹਨ।
ਐਤਵਾਰ ਨੂੰ ਵਤਨ ਵਾਪਸੀ ਕਰਨ ਵਾਲਿਆ ਵਿੱਚ ਕਰਾਚੀ ਦਾ ਇੱਕ ਪਰਿਵਾਰ ਵੀ ਸ਼ਾਮਲ ਸੀ। ਇਸ ਪਰਿਵਾਰ ਦੇ ਸਾਰੇ ਜੀਅ ਵਾਪਸ ਪਰਤ ਰਹੇ ਸਨ ਪਰ ਪਰਿਵਾਰ ਦੀ ਮਹਿਲਾ ਮੈਂਬਰ ਜੋ ਭਾਰਤੀ ਨਾਗਰਿਕ ਹੈ, ਉਹ ਵਾਪਸ ਨਹੀਂ ਜਾ ਸਕੀ। ਇਸ ਕਾਰਨ ਪਰਿਵਾਰ ਦੀ ਭਾਵੁਕ ਸਥਿਤੀ ਬਣੀ ਹੋਈ ਸੀ।
ਮੁਹੰਮਦ ਇਬਰਾਹਿਮ ਨਾਂ ਦਾ ਇਹ ਵਿਅਕਤੀ 27 ਮਾਰਚ ਨੂੰ ਆਪਣੇ ਬੱਚਿਆਂ ਅਤੇ ਪਤਨੀ ਸਮੇਤ ਭਾਰਤ ਆਇਆ ਸੀ। ਉਹ ਲਗਪਗ ਛੇ ਸਾਲ ਬਾਅਦ ਆਪਣੇ ਸਹੁਰੇ ਪਰਿਵਾਰ ਆਇਆ ਸੀ ਅਤੇ ਉਨ੍ਹਾਂ ਕੋਲ 45 ਦਿਨ ਦਾ ਵੀਜ਼ਾ ਸੀ। ਉਸ ਦੇ ਬੇਟੇ ਦਾ ਕਰਾਚੀ ਵਿੱਚ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਦਾ ਇੱਕ ਪੈਰ ਪੈਰਾਲਾਈਜ਼ ਹੋ ਗਿਆ ਸੀ, ਜਿਸ ਦੇ ਇਲਾਜ ਲਈ ਉਹ ਇੱਥੇ ਉਸ ਨੂੰ ਭਾਰਤ ਲੈ ਕੇ ਆਏ ਸਨ। ਪਰ ਹੁਣ ਚੱਲ ਰਹੇ ਇਲਾਜ ਦੌਰਾਨ ਹੀ ਉਨ੍ਹਾਂ ਨੂੰ ਵਾਪਸ ਪਰਤਣਾ ਪੈ ਰਿਹਾ। ਇਲਾਜ ਕਰਵਾ ਰਹੇ ਬੱਚੇ ਨੇ ਰੋਂਦਿਆਂ ਕਿਹਾ ਕਿ ਉਸ ਦੀ ਮਾਂ ਨੂੰ ਨਾਲ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਉਸ ਨੂੰ ਭਾਰਤ ਵਿੱਚ ਹੀ ਰੋਕ ਲਿਆ ਗਿਆ ਹੈ। ਉਹ ਆਪਣੀ ਮਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹੈ, ਉਸ ਦੀ ਮਾਂ ਤੇ ਪਿਓ ਦੋਵੇਂ ਰਲ ਕੇ ਉਸ ਦੀ ਸਾਂਭ ਸੰਭਾਲ ਕਰ ਰਹੇ ਹਨ ਅਤੇ ਇਸ ਵੇਲੇ ਉਸ ਨੂੰ ਦੋਵਾਂ ਦੀ ਲੋੜ ਹੈ। ਉਸ ਨੇ ਰੋਂਦੇ ਹੋਏ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਸ ਦੀ ਮਾਂ ਨੂੰ ਨਾਲ ਜਾਣ ਦਿੱਤਾ ਜਾਵੇ। ਮੁਹੰਮਦ ਇਬਰਾਹਿਮ ਨੇ ਦੱਸਿਆ ਕਿ ਉਸ ਦੀ ਪਤਨੀ ਕੋਲ ਭਾਰਤੀ ਨਾਗਰਿਕਤਾ ਹੈ ਅਤੇ ਉਸ ਨੂੰ ਪਾਕਿਸਤਾਨ ਜਾਣ ਲਈ ਵੀਜ਼ਾ ਲੈਣਾ ਪੈਂਦਾ ਪਰ ਹੁਣ ਉਸ ਨੂੰ ਰੋਕ ਲਿਆ ਗਿਆ ਹੈ।
ਵਾਪਸ ਪਰਤ ਰਹੀ ਸਲੀਮਾ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਆਏ ਸਨ ਅਤੇ ਉਨ੍ਹਾਂ ਕੋਲ 45 ਦਿਨ ਦਾ ਵੀਜ਼ਾ ਸੀ ਪਰ ਅੱਜ ਨੌਂ ਦਿਨਾਂ ਬਾਅਦ ਹੀ ਉਨ੍ਹਾਂ ਨੂੰ ਵਾਪਸ ਪਰਤਣਾ ਪੈ ਗਿਆ ਹੈ। ਉਹ ਕਰਾਚੀ ਦੇ ਨਜ਼ੀਮਾਬਾਦ ਦੀ ਰਹਿਣ ਵਾਲੀ ਹੈ।
ਇਸੇ ਤਰ੍ਹਾਂ ਹੋਰ ਲੋਕ ਵੀ ਵਾਪਸੀ ਸਮੇਂ ਰੋਂਦੇ ਹੋਏ ਅਤੇ ਭਾਵੁਕ ਹੋਏ ਦਿਖਾਈ ਦਿੱਤੇ। ਲੋਕਾਂ ਨੇ ਆਖਿਆ ਕਿ ਉਹ ਕਸ਼ਮੀਰ ਘਾਟੀ ਵਿੱਚ ਪਹਿਲਗਾਮ ਵਿਖੇ ਹੋਏ ਅਤਿਵਾਦੀ ਹਮਲੇ ਦੀ ਸਖਤ ਨਿੰਦਾ ਕਰਦੇ ਹਨ ਅਤੇ ਅਜਿਹੇ ਲੋਕਾਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਜਾਣੀ ਚਾਹੀਦੀ ਹੈ, ਪਰ ਦੋਵਾਂ ਦੇਸ਼ਾਂ ਵਿੱਚ ਵੱਸ ਰਹੇ ਪਰਿਵਾਰਾਂ ਨੂੰ ਵੰਡਣਾ ਨਹੀਂ ਚਾਹੀਦਾ।
Advertisement
×