DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋੜੋਂ ਵੱਧ ਭੀੜ, ਮੁਫ਼ਤ ਪਾਸ ਤੇ ਵਿਕਟਰੀ ਪਰੇਡ ਬਾਰੇ ਦੁਚਿੱਤੀ: ਕਿਵੇਂ RCB ਦੀ ਜਿੱਤ ਦਾ ਜਸ਼ਨ ਮਾਤਮ ’ਚ ਤਬਦੀਲ

Free pass frenzy, small gates: How RCB's victory celebration turned into deadly stampede
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

ਬੰਗਲੂਰੂ, 5 ਜੂਨ

ਵਿਕਟਰੀ ਪਰੇਡ ਬਾਰੇ ਦੁਚਿੱਤੀ, ਮੁਫ਼ਤ ਪਾਸ, ਲੋੜੋਂ ਵੱਧ ਭੀੜ ਤੇ ਚਿੰਨਾਸਵਾਮੀ ਸਟੇਡੀਅਮ ਵਿਚ ਸੀਮਤ ਸੀਟਾਂ ਅਜਿਹੇ ਕੁਝ ਪ੍ਰਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਲੰਘੇ ਦਿਨ ਭਗਦੜ ਮੱਚੀ ਤੇ ਆਰਸੀਬੀ ਦੀ ਜਿੱਤ ਦਾ ਜਸ਼ਨ ਮਾਤਮ ਵਿਚ ਤਬਦੀਲ ਹੋ ਗਿਆ। ਭਗਦੜ ਕਰਕੇ 11 ਵਿਅਕਤੀਆਂ ਦੀ ਮੌਤ ਹੋ ਗਈ ਤੇ 30 ਤੋਂ ਵੱਧ ਜ਼ਖ਼ਮੀ ਹੋ ਗਏ।

Advertisement

ਪੁਲੀਸ ਸੂਤਰਾਂ ਨੇ ਕਿਹਾ ਕਿ ਸ਼ੁਰੂਆਤੀ ਅਫ਼ਰਾ ਤਫ਼ਰੀ ਜੋ ਮਗਰੋਂ ਭਗਦੜ ਵਿਚ ਬਦਲ ਗਈ, ਉਦੋਂ ਸ਼ੁਰੂ ਹੋਈ ਜਦੋਂ ਕਈ ਕ੍ਰਿਕਟ ਪ੍ਰੇਮੀ, ਜਿਨ੍ਹਾਂ ਕੋਲ ਸਟੇਡੀਅਮ ਵਿਚ ਦਾਖਲੇ ਲਈ ਟਿਕਟ ਨਹੀਂ ਸੀ, ਨੇ ਵੈਧ ਟਿਕਟ ਰੱਖਣ ਵਾਲਿਆਂ ਨਾਲ ਸਟੇਡੀਅਮ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।

ਭਗਦੜ ਦੌਰਾਨ ਕੁਝ ਜ਼ਮੀਨ ’ਤੇ ਡਿੱਗ ਗਏ ਜਦੋਂਕਿ ਕੁਝ ਸਟੇਡੀਅਮ ਵਿਚ ਦਾਖ਼ਲ ਲਈ ਵੱਡੇ ਗੇਟਾਂ ਨੂੰ ਟੱਪਣ ਦੀ ਕੋਸ਼ਿਸ਼ ਦੌਰਾਨ ਸੱਟ ਫੇਟ ਲੁਆ ਬੈਠੇ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਕਿ ਮਰਨ ਵਾਲਿਆਂ ’ਚ ਵਧੇਰੇ ਨੌਜਵਾਨ ਹਨ, ਜਿਨ੍ਹਾਂ ਵਿਚ ਮਹਿਲਾਵਾਂ ਵੀ ਸ਼ਾਮਲ ਹਨ ਤੇ ਇਨ੍ਹਾਂ ਵਿਚੋਂ ਕੁਝ ਵਿਦਿਆਰਥੀ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਟੇਡੀਅਮ ਦੀ ਸਮਰਥਾ 35000 ਲੋਕਾਂ ਦੀ ਸੀ, ਪਰ 2 ਤੋਂ 3 ਲੱਖ ਲੋਕ ਉਥੇ ਪਹੁੰਚੇ। ਉਨ੍ਹਾਂ ਕਿਹਾ, ‘‘ਸਟੇਡੀਅਮ ਦੇ ਗੇਟ ਛੋਟੇ ਹਨ। ਲੋਕ ਇਨ੍ਹਾਂ ਗੇਟਾਂ ਰਾਹੀਂ ਅੰਦਰ ਆਏ। ਉਨ੍ਹਾਂ ਨੇ ਕੁਝ ਗੇਟ ਵੀ ਤੋੜ ਦਿੱਤੇ, ਜਿਸ ਕਰਕੇ ਉਥੇ ਭਗਦੜ ਮੱਚੀ। ਕਿਸੇ ਨੂੰ ਇੰਨੀ ਭੀੜ ਆਉਣ ਦੀ ਉਮੀਦ ਨਹੀਂ ਸੀ। ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਕੁਝ ਨਹੀਂ ਹੋਇਆ। ਜਾਂਚ ਤੋਂ ਤੱਥ ਸਾਹਮਣੇ ਆਉਣਗੇ।’’

ਬੰਗਲੂਰੂ ਟਰੈਫਿਕ ਪੁਲੀਸ ਨੇ ਬੁੱਧਵਾਰ ਸਵੇਰੇ 11:56 ਵਜੇ ਐਲਾਨ ਕੀਤਾ ਕਿ ਸਟੇਡੀਅਮ ਵਿੱਚ ਵਿਕਟਰੀ ਪਰੇਡ ਨਹੀਂ ਹੋਵੇਗੀ, ਸਗੋਂ ਸਿਰਫ਼ ਇੱਕ ਸਨਮਾਨ ਸਮਾਗਮ ਹੋਵੇਗਾ। ਹਾਲਾਂਕਿ, ਆਰਸੀਬੀ ਟੀਮ ਮੈਨੇਜਮੈਂਟ ਨੇ ਦੁਪਹਿਰ 3.14 ਵਜੇ ਐਲਾਨ ਕੀਤਾ ਕਿ ਉਹ ਸ਼ਾਮ 5 ਵਜੇ ਵਿਕਟਰੀ ਪਰੇਡ ਕਰਨਗੇ। ਮੈਨੇਜਮੈਂਟ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਚਿੰਨਾਸਵਾਮੀ ਸਟੇਡੀਅਮ ਵਿੱਚ ਜਿੱਤ ਦੇ ਜਸ਼ਨ ਤੋਂ ਬਾਅਦ ਵਿਕਟਰੀ ਪਰੇਡ ਹੋਵੇਗੀ। ਅਸੀਂ ਸਾਰੇ ਪ੍ਰਸ਼ੰਸਕਾਂ ਨੂੰ ਪੁਲੀਸ ਅਤੇ ਹੋਰ ਅਧਿਕਾਰੀਆਂ ਵੱਲੋਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਦੇ ਹਾਂ ਤਾਂ ਜੋ ਹਰ ਕੋਈ ਸ਼ਾਂਤੀਪੂਰਵਕ ਰੋਡ ਸ਼ੋਅ ਦਾ ਆਨੰਦ ਲੈ ਸਕੇ। ਮੁਫ਼ਤ ਪਾਸ shop.royalchallengers.com ’ਤੇ ਉਪਲਬਧ ਹਨ।’’ ਇਸ ਪੋਸਟ ਮਗਰੋਂ ਪ੍ਰਸ਼ੰਸਕ ਦੁਚਿੱਤੀ ਵਿਚ ਪੈ ਗਏ ਵਿਕਟਰੀ ਪਰੇਡ ਹੋਵੇਗੀ ਜਾਂ ਨਹੀਂ।

ਪੁਲੀਸ ਸੂਤਰਾਂ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਕੋਈ ਵੀ ਵਿਕਟਰੀ ਪਰੇਡ ਨਹੀਂ ਕੀਤੀ ਜਾਵੇਗੀ ਅਤੇ ਜਿਨ੍ਹਾਂ ਕੋਲ ਟਿਕਟਾਂ ਹਨ, ਉਨ੍ਹਾਂ ਨੂੰ ਹੀ ਸਟੇਡੀਅਮ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਸਟੇਡੀਅਮ ਵਿਚ ਦਾਖਲੇ ਲਈ ਗੇਟਾਂ ’ਤੇ ਚੜ੍ਹ ਕੇ ਛਾਲਾਂ ਮਾਰੀਆਂ।

ਪੁਲੀਸ ਮੁਤਾਬਕ ਸਟੇਡੀਅਮ ਨੇੜੇ ਇਕ ਕਿਲੋਮੀਟਰ ਦੇ ਘੇਰੇ ਵਿੱਚ ਕਰੀਬ 50,000 ਲੋਕ ਸਨ ਅਤੇ ਇਹ ਗਿਣਤੀ ਵਧਦੀ ਹੀ ਗਈ। ਸਿੱਧਾਰਮਈਆ ਨੇ ਕਿਹਾ ਕਿ ਲੋਕ ਅਤੇ ਪ੍ਰਸ਼ੰਸਕ ਉਨ੍ਹਾਂ ਦੀਆਂ ਉਮੀਦਾਂ ਤੋਂ ਵੱਧ ਇਕੱਠੇ ਹੋਏ ਸਨ। ਵਿਧਾਨ ਸੌਦਾ ਦੇ ਸਾਹਮਣੇ, 1 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ ਅਤੇ ਉੱਥੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ, ਪਰ ਚਿੰਨਾਸਵਾਮੀ ਸਟੇਡੀਅਮ ਵਿੱਚ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ, ‘‘ਕਿਸੇ ਨੇ ਇਸ ਦੀ ਉਮੀਦ ਨਹੀਂ ਕੀਤੀ ਸੀ, ਨਾ ਹੀ ਕ੍ਰਿਕਟ ਐਸੋਸੀਏਸ਼ਨ ਅਤੇ ਨਾ ਹੀ ਸਰਕਾਰ।’’ ਪੁਲੀਸ ਨੇ ਵੱਡੀ ਭੀੜ ਨੂੰ ਕਾਬੂ ਕਰਨ ਲਈ ਹਲਕੇ ਬਲ ਦੀ ਵਰਤੋਂ ਕੀਤੀ ਅਤੇ ਕੁਝ ਵਿਜ਼ੂਅਲ ਵਿੱਚ ਪੁਲੀਸ ਕਰਮਚਾਰੀਆਂ ਨੂੰ ਪ੍ਰਸ਼ੰਸਕਾਂ ਨੂੰ ਖਿੰਡਾਉਣ ਲਈ ਲਾਠੀਆਂ ਦੀ ਵਰਤੋਂ ਕਰਦੇ ਵੀ ਦੇਖਿਆ ਗਿਆ। -ਪੀਟੀਆਈ

Advertisement
×