ਮੰਡੀ ਨੇੜੇ ਬੇਕਾਬੂ ਜੀਪ ਖੱਡ ਵਿਚ ਡਿੱਗੀ; ਪੰਜ ਹਲਾਕ, ਇਕ ਜ਼ਖ਼ਮੀ
ਦੇਪੇਂਦਰ ਮੰਟਾ
ਮੰਡੀ, 1 ਜੂਨ
Mandi Road accident ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਕਟੌਲਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਕ ਜਣਾ ਜ਼ਖ਼ਮੀ ਦੱਸਿਆ ਜਾਂਦਾ ਹੈ। ਇਹ ਸਾਰੇ ਜਣੇ ਪੰਜਾਬ ਤੋਂ ਆਈਆਈਟੀ ਮੰਡੀ ਜਾ ਰਹੇ ਸਨ। ਜਾਣਕਾਰੀ ਮੁਤਾਬਕ ਜੀਪ (ਨੰ. ਪੀਬੀ 02 ਈਜੀ 4543) ਦਾ ਡਰਾਈਵਰ ਇਕ ਕੂਹਣੀ ਮੋੜ ’ਤੇ ਵਾਹਨ ਤੋਂ ਸੰਤੁਲਨ ਗੁਆ ਬੈਠਾ ਤੇ ਵਾਹਨ ਸੜਕ ਕੰਢੇ ਡੂੰਘੀ ਖੱਡ ਵਿਚ ਜਾ ਡਿੱਗਿਆ। ਮੁੱਢਲੀ ਰਿਪੋਰਟ ਮੁਤਾਬਕ ਹਾਦਸੇ ਦੇ ਸਾਰੇ ਪੀੜਤ ਪੰਜਾਬ ਦੇ ਵਸਨੀਕ ਮੰਨੇ ਜਾ ਰਹੇ ਹਨ। ਹਾਦਸੇ ਦੇ ਸਹੀ ਕਾਰਨਾਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ।
ਮੰਡੀ ਦੀ ਐੱਸਪੀ ਸਾਕਸ਼ੀ ਵਰਮਾ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ, ‘‘ਮ੍ਰਿਤਕਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।’’ ਹਾਦਸੇ ਬਾਰੇੇ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਅਤੇ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।