DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

MahaKumbh Stampede ਭਗਦੜ ਵਿਚ ਮੌਤਾਂ ਲਈ ਬਦਇੰਤਜ਼ਾਮੀ, ਵੀਆਈਪੀ ਕਲਚਰ, ਸਵੈ-ਪ੍ਰਚਾਰ ਜ਼ਿੰਮੇਵਾਰ: ਵਿਰੋਧੀ ਧਿਰਾਂ

ਵਿਸ਼ਵ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮ ਦਾ ਪ੍ਰਬੰਧ ਫੌਰੀ ਫੌਜ ਹਵਾਲੇ ਕੀਤਾ ਜਾਵੇ: ਅਖਿਲੇਸ਼; ਮਮਤਾ ਬੈਨਰਜੀ, ਹੇਮੰਤ ਸੋਰੇਨ, ਮਾਇਆਵਤੀ ਸਣੇ ਹੋਰਨਾਂ ਆਗੂਆਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਜਤਾਇਆ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 29 ਜਨਵਰੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਯਾਗਰਾਜ ਵਿਚ ਮਹਾਂਕੁੰਭ ਦੌਰਾਨ ਭਗਦੜ ਮਚਣ ਨਾਲ ਹੋਈਆਂ ਮੌਤਾਂ ਲਈ ਕੇਂਦਰ ਤੇ ਯੂਪੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਸ ਦੁਖਦਾਈ ਘਟਨਾ ਲਈ ਬਦਇੰਤਜ਼ਾਮੀ ਤੇ ਪ੍ਰਸ਼ਾਸਨ ਵੱਲੋਂ ਵੀਆਈਪੀ’ਜ਼ ਦੀ ਆਮਦ ਵੱਲ ਵਧੇਰੇ ਧਿਆਨ ਦੇਣਾ ਜ਼ਿੰਮੇਵਾਰ ਹਨ।

Advertisement

ਗਾਂਧੀ ਨੇ ਕਿਹਾ ਕਿ ‘ਵੀਆਈਪੀ ਸਭਿਆਚਾਰ’ ਨੂੰ ਛੱਡ ਕੇ ਸਰਕਾਰ ਨੂੰ ਮਹਾਂਕੁੰਭ ਵਿਚ ਆਮ ਸ਼ਰਧਾਲੂਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਿਹਤਰ ਪ੍ਰਬੰਧ ਕਰਨ ਚਾਹੀਦੇ ਹਨ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਸ ਘਟਨਾ ਲਈ ਅੱਧੇ ਅਧੂਰੇ ਪ੍ਰਬੰਧ, ਵੀਆਈਪੀ’ਜ਼ ਦਾ ਆਉਣਾ ਜਾਣਾ, ਸਵੈ-ਵਡਿਆਈ ਵੱਲ ਵਧ ਧਿਆਨ ਦੇਣਾ ਤੇ ਬਦਇੰਤਜ਼ਾਮੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਅਜਿਹੇ ਪ੍ਰਬੰਧ ਨਿੰਦਣਯੋਗ ਹਨ।

ਉਧਰ ਯੂਪੀ ਵਿਚ ਵਿਰੋਧੀ ਧਿਰ ਦੇ ਆਗੂਆਂ ਨੇ ਭਗਦੜ ਲਈ ਯੋਗੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੰਗ ਕੀਤੀ ਕਿ ਵਿਸ਼ਵ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮ ਦਾ ਪ੍ਰਬੰਧ ਫੌਰੀ ਫੌਜ ਹਵਾਲੇ ਕੀਤਾ ਜਾਵੇ। ਯਾਦਵ ਨੇ ਕਿਹਾ ਕਿ ਮਹਾਂਕੁੰਭ ਲਈ ‘ਆਲਮੀ ਪੱਧਰ ਦੇ ਪ੍ਰਬੰਧਾਂ’ ਦਾ ਦਾਅਵਾ ਕਰਨ ਵਾਲਿਆਂ ਨੂੰ ਭਗਦੜ ਦੀ ਮੌਲਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣੇ ਚਾਹੀਦੇ ਹਨ। ਬਸਪਾ ਸੁਪਰੀਮੋ ਮਾਇਆਵਤੀ ਨੇ ਹਾਦਸੇ ਨੂੰ ਦੁਖਦਾਈ ਤੇ ਚਿੰਤਾਜਨਕ ਦੱਸਿਆ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪੀੜਤ ਪਰਿਵਾਰਾਂ ਨਾਲ ਸੰਵੇਦਨਾਵਾਂ ਜ਼ਾਹਿਰ ਕੀਤੀਆਂ। ਬੈਨਰਜੀ ਨੇ ਐਕਸ ’ਤੇ ਕਿਹਾ ਕਿ ਕੁੰਭ ਜਿਹੇ ਵੱਡੇ ਇਕੱਠਾਂ ਲਈ ‘ਸਿਰੇ ਦੀ ਯੋਜਨਾਬੰਦੀ ਤੇ ਸੰਭਾਲ’ ਲੋੜੀਂਦੀ ਹੈ।

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਭਗਦੜ ਵਿਚ ਪਰਿਵਾਰਕ ਜੀਆਂ ਨੂੰ ਗੁਆਉਣ ਵਾਲੇ ਸ਼ਰਧਾਲੂਆਂ ਨਾਲ ਦੁੱਖ ਜਤਾਇਆ ਹੈ। ਸੋਰੇਨ ਨੇ ਆਸ ਜਤਾਈ ਕਿ ਕੇਂਦਰ ਸਰਕਾਰ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰੇਗੀ ਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਹੀ ਲੋੜੀਂਦੇ ਕਦਮ ਚੁੱਕੇਗੀ।

ਉਧਰ ਸ਼ਿਵ ਸੈਨਾ (ਯੂਬੀਟੀ) ਨੇ ਕਿਹਾ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਇਸ ਭਗਦੜ ਲਈ ਕੌਣ ਜ਼ਿੰਮੇਵਾਰ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਸੰਗਮ ਘਾਟ ਦੇ ਕੁਝ ਹਿੱਸਿਆਂ ਨੂੰ ਮੰਤਰੀਆਂ ਦੀ ਫੇਰੀ ਲਈ ਬੰਦ ਕੀਤੇ ਜਾਣ ਕਰਕੇ ਅਜਿਹੇ ਹਾਲਾਤ ਬਣੇ। ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਵੀਆਈਪੀਜ਼ ਦੀ ਫੇਰੀ ਲਈ ਇਕ ਦਿਨ ਰਾਖਵਾਂ ਰੱਖਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪ੍ਰਯਾਗਰਾਜ ਵਿਚ ਮਹਾਂਕੁੰਭ ਦੇ ਪ੍ਰਬੰਧਨ ਲਈ 10,000 ਕਰੋੜ ਰੁਪਏ ਤੋਂ ਵੱਧ ਖਰਚੇ ਗਏ ਹਨ। ਰਾਊਤ ਨੇ ਕਿਹਾ, ‘‘ਇਹ ਪੈਸਾ ਕਿੱਥੇ ਗਿਆ? ਭਾਜਪਾ ਕੁੰਭ ਜ਼ਰੀਏ ਸਿਆਸੀ ਪ੍ਰਚਾਰ ਕਰ ਰਹੀ ਹੈ। ਇਹ ਕੁੰਭ ਦੀ ਮਾਰਕੀਟਿੰਗ ਕਰਕੇ ਚੋਣਾਂ ਲੜਨਾ ਚਾਹੁੰਦੀ ਹੈ। ਇਹ ਉਨ੍ਹਾਂ ਦੀ ਆਸਥਾ ਨਹੀਂ ਬਲਕਿ ਸਿਆਸਤ ਹੈ ਅਤੇ ਲੋਕਾਂ ਨੇ ਆਪਣੀ ਜਾਨ ਗੁਆ ਲਈ।’’ ਰਾਊਤ ਨੇ ਕਿਹਾ ਕਿ ਵੱਡੇ ਤੜਕੇ ਭਗਦੜ ਵਿਚ ਗਈਆਂ ਜਾਨਾਂ ‘ਸੂਬਾਈ ਪ੍ਰਸ਼ਾਸਨ ਵੱਲੋਂ ਕੀਤਾ ਕਤਲ ਹੈ।’’ -ਪੀਟੀਆਈ

Advertisement
×