Operation Sindoor outreach ਪ੍ਰਧਾਨ ਮੰਤਰੀ ਮੋਦੀ ਸਰਬ ਪਾਰਟੀ ਵਫ਼ਦਾਂ ਨਾਲ ਮੰਗਲਵਾਰ ਨੂੰ ਕਰਨਗੇ ਮੁਲਾਕਾਤ
PM Modi to meet multi-party delegations on Tuesday
ਸੱਤ ਵਫ਼ਦਾਂ ਵਿਚ ਸ਼ਾਮਲ 50 ਤੋਂ ਵੱਧ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਾਲ ਫੀਡਬੈਕ ਕਰਨਗੇ ਸਾਂਝੀ
ਨਵੀਂ ਦਿੱਲੀ, 9 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ Operation Sindoor Outreach ਪ੍ਰੋਗਰਾਮ ਤਹਿਤ ਵੱਖ ਵੱਖ ਮੁਲਕਾਂ ਦਾ ਦੌਰਾ ਕਰਨ ਵਾਲੇ ਸਰਬ ਪਾਰਟੀ ਸੰਸਦ ਮੈਂਬਰਾਂ ਦੇ ਵਫ਼ਦਾਂ ਨਾਲ ਮੰਗਲਵਾਰ ਸ਼ਾਮ ਨੂੰ ਮੁਲਾਕਾਤ ਕਰਨਗੇ। ਇਨ੍ਹਾਂ ਸੰਸਦ ਮੈਂਬਰਾਂ ਨੇ ਆਲਮੀ ਮੁਲਕਾਂ ਵਿਚ ਜਾ ਕੇ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਪਾਕਿਸਤਾਨ ਖਿਲਾਫ਼ ਵਿੱਢੇ Operation Sindoor ਬਾਰੇ ਭਾਰਤ ਦੀ ਸਥਿਤੀ ਸਪਸ਼ਟ ਕੀਤੀ ਹੈ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸੱਤ ਵਫ਼ਦਾਂ ਵਿਚ ਸ਼ਾਮਲ ਪੰਜਾਹ ਤੋਂ ਵੱਧ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਾਲ ਆਪਣੀ ਫੀਡਬੈਕ ਸਾਂਝੀ ਕਰਨਗੇ। ਕੁਝ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਕੂਟਨੀਤਕ ਵੀ ਇਨ੍ਹਾਂ ਵਫ਼ਦਾਂ ਵਿਚ ਸ਼ਾਮਲ ਸਨ, ਜਿਨ੍ਹਾਂ ਯੂਰੋਪੀ ਯੂਨੀਅਨ ਤੇ 33 ਹੋਰਨਾਂ ਮੁਲਕਾਂ ਦਾ ਦੌਰਾ ਕੀਤਾ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਪਹਿਲਾਂ ਹੀ ਵਫ਼ਦਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਵਿਰੁੱਧ ਭਾਰਤ ਦੇ ਸਖ਼ਤ ਸਟੈਂਡ ਨੂੰ ਪਹੁੰਚਾਉਣ ਵਿੱਚ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਇਨ੍ਹਾਂ ਵਿਚੋਂ ਚਾਰ ਵਫ਼ਦਾਂ ਦੀ ਅਗਵਾਈ ਸੱਤਾਧਾਰੀ ਗੱਠਜੋੜ (NDA) ਦੇ ਸੰਸਦ ਮੈਂਬਰਾਂ ਨੇ ਕੀਤੀ, ਜਿਨ੍ਹਾਂ ਵਿੱਚ ਦੋ ਭਾਜਪਾ, ਇੱਕ ਜਨਤਾ ਦਲ (ਯੂ) ਅਤੇ ਇੱਕ ਸ਼ਿਵ ਸੈਨਾ ਦਾ ਸੀ, ਜਦੋਂ ਕਿ ਤਿੰਨ ਦੀ ਅਗਵਾਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੀਤੀ, ਜਿਨ੍ਹਾਂ ਵਿੱਚੋਂ ਇੱਕ ਕਾਂਗਰਸ, ਡੀਐੱਮਕੇ ਅਤੇ ਐੱਨਸੀਪੀ (ਐਸਪੀ) ਦਾ ਸੀ।
ਸਰਕਾਰ ਨੇ ਅਤਿਵਾਦ ਵਿਰੁੱਧ ਲੜਾਈ ਵਿੱਚ ਰਾਸ਼ਟਰੀ ਏਕਤਾ ਦਾ ਸੁਨੇਹਾ ਦੇਣ ਲਈ ਸਰਬ ਪਾਰਟੀ ਵਫ਼ਦ ਭੇਜੇ, ਜਿਸ ਵਿੱਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ, ਏਆਈਐੱਮਆਈਐੱਮ ਸੰਸਦ ਮੈਂਬਰ ਅਸਦੂਦੀਨ ਓਵਾਇਸੀ, ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਅਤੇ ਸਲਮਾਨ ਖੁਰਸ਼ੀਦ ਸ਼ਾਮਲ ਸਨ। -ਪੀਟੀਆਈ