Operation Sindoor outreach: ਕੋਲੰਬੀਆ ਨੇ ਪਾਕਿ ਵਿਚ ਮਾਰੇ ਗਏ ਲੋਕਾਂ ਲਈ ਸ਼ੋਕ ਸੰਦੇਸ਼ ਵਾਪਸ ਲਿਆ
Operation Sindoor outreach: ਸ਼ਸ਼ੀ ਥਰੂਰ ਵੱਲੋਂ ਨਿਰਾਸ਼ਾ ਪ੍ਰਗਟਾਉਣ ਤੋਂ ਬਾਅਦ ਕੋਲੰਬੀਆ ਦਾ ਫੈਸਲਾ ਸਾਹਮਣੇ ਆਇਆ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 31 ਮਈ
ਭਾਜਪਾ ਸੰਸਦ ਮੈਂਬਰ ਤੇਜਸਵੀ ਸੂਰਿਆ, ਜੋ ਕਿ ਕੋਲੰਬੀਆ ਵਿਚ ਅਪਰੇਸ਼ਨ ਸਿੰਧੂਰ ਆਊਟਰੀਚ ’ਤੇ ਭਾਰਤੀ ਵਫ਼ਦ ਦਾ ਹਿੱਸਾ ਹਨ, ਨੇ ਕਿਹਾ ਕਿ ਪੈਨਲ ਦੌਰੇ ਤੋਂ ਬਾਅਦ ਕੋਲੰਬੀਆ ਨੇ 7 ਮਈ ਨੂੰ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਵਿੱਚ ਮਾਰੇ ਗਏ ਲੋਕਾਂ ਲਈ ਪਹਿਲਾਂ ਦਿੱਤਾ ਗਿਆ ਸ਼ੋਕ ਸੰਦੇਸ਼ ਵਾਪਸ ਲੈ ਲਿਆ ਹੈ।
ਉਨ੍ਹਾਂ ਕਿਹਾ, “ਅਸੀਂ ਕੋਲੰਬੀਆ ਦੀ ਉਪ ਵਿਦੇਸ਼ ਮੰਤਰੀ ਰੋਜ਼ਾ ਯੋਲਾਂਡਾ ਵਿਲਾਵਿਸੇਂਸੀਓ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਲੈ ਕੇ ਅਪਰੇਸ਼ਨ ਸਿੰਧੂਰ ਤਹਿਤ ਭਾਰਤ ਦੇ ਕੈਲੀਬ੍ਰੇਟਿਡ ਜਵਾਬੀ ਕਾਰਵਾਈ ਤੱਕ ਦੀਆਂ ਘਟਨਾਵਾਂ ਦੇ ਕ੍ਰਮ ਬਾਰੇ ਜਾਣਕਾਰੀ ਦਿੱਤੀ।’’ ਇੱਥੇ ਦੱਸਣਾ ਬਣਦਾ ਹੈ ਕਿ ਕੋਲੰਬੀਆ ਨੇ ਪਹਿਲਾਂ ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਵਿੱਚ ਹੋਏ ਜਾਨੀ ਨੁਕਸਾਨ ’ਤੇ ਹਮਦਰਦੀ ਜ਼ਾਹਰ ਕੀਤੀ ਸੀ।
ਸੂਰਿਆ ਨੇ ਕਿਹਾ, ‘‘‘ਸਾਡੀ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਕੋਲੰਬੀਆ ਸਰਕਾਰ ਨੇ, ਇਹ ਸਮਝਦੇ ਹੋਏ ਕਿ ਭਾਰਤ ਦੀ ਜਵਾਬੀ ਕਾਰਵਾਈ ਵਿੱਚ ਕੋਈ ਨਾਗਰਿਕ ਜਾਨ ਨਹੀਂ ਗਈ ਸਗੋਂ ਕੱਟੜ ਅਤਿਵਾਦੀ ਮਾਰੇ ਗਏ, ਆਪਣਾ ਸੰਦੇਸ਼ ਵਾਪਸ ਲੈ ਲਿਆ ਹੈ। ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਸੈਲਾਨੀਆਂ ਨੂੰ ਮਾਰਿਆ, ਪਰ ਦੂਜੇ ਪਾਸੇ ਅਸੀਂ ਅਤਿਵਾਦੀਆਂ ਨੂੰ ਖ਼ਤਮ ਕੀਤਾ। ਦੋਵਾਂ ਵਿਚਕਾਰ ਸਮਾਨਤਾ ਨਹੀਂ ਕੀਤੀ ਜਾ ਸਕਦੀ।’’
ਸੂਰਿਆ ਨੇ ਕਿਹਾ ਕਿ ਕੋਲੰਬੀਆ ਨੇ ਅਤਿਵਾਦ ਵਿਰੁੱਧ ਭਾਰਤ ਦੀ ਲੜਾਈ ਨੂੰ ਪੂਰਾ ਸਮਰਥਨ ਦਿੱਤਾ ਅਤੇ ਸਥਿਤੀ ਨਾਲ ਪੂਰੀ ਹਮਦਰਦੀ ਪ੍ਰਗਟ ਕੀਤੀ।
ਉਨ੍ਹਾਂ ਕਿਹਾ, “ਇਹ ਸਾਡੇ ਵਫ਼ਦ ਲਈ ਇੱਕ ਮਹੱਤਵਪੂਰਨ ਕੂਟਨੀਤਕ ਪ੍ਰਾਪਤੀ ਹੈ।’’
ਥਰੂਰ ਨੇ ਕੋਲੰਬੀਆ ਲਈ ਇੱਕ ਬਹੁ-ਪਾਰਟੀ ਵਫ਼ਦ ਦੀ ਅਗਵਾਈ ਕਰਦੇ ਹੋਏ ਕਿਹਾ ਸੀ, ‘‘ਅਸੀਂ ਕੋਲੰਬੀਆ ਸਰਕਾਰ ਦੀ ਪ੍ਰਤੀਕਿਰਿਆ ਤੋਂ ਕੁਝ ਨਿਰਾਸ਼ ਹਾਂ, ਜਿਸ ਨੇ ਸਪੱਸ਼ਟ ਤੌਰ ’ਤੇ ਅਤਿਵਾਦ ਦੇ ਪੀੜਤਾਂ ਨਾਲ ਹਮਦਰਦੀ ਕਰਨ ਦੀ ਬਜਾਏ ਭਾਰਤੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਵਿੱਚ ਹੋਏ ਜਾਨੀ ਨੁਕਸਾਨ 'ਤੇ ਦਿਲੋਂ ਸੰਵੇਦਨਾ ਪ੍ਰਗਟ ਕੀਤੀ।’’ ਉਨ੍ਹਾਂ ਮਸ਼ਵਰਾ ਦਿੱਤਾ ਕਿ ਅਤਿਵਾਦੀਆਂ ਨੂੰ ਭੇਜਣ ਵਾਲਿਆਂ ਅਤੇ ਅਤਿਵਾਦੀਆਂ ਦਾ ਵਿਰੋਧ ਕਰਨ ਵਾਲਿਆਂ ਵਿਚਕਾਰ ਕੋਈ ਸਮਾਨਤਾ ਨਹੀਂ ਹੋ ਸਕਦੀ। -ਏਜੰਸੀ