Operation Sindoor: ਭਾਰਤੀ ਹਥਿਆਰਬੰਦ ਬਲਾਂ ਵੱਲੋਂ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ 9 ਦਹਿਸ਼ਤੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ
Operation Sindoor: Indian Armed forces carry out military strikes on 9 terror infrastructure in Pakistan, PoK
ਮੁ਼ਜ਼ੱਫਰਾਬਾਦ ਨੇੜੇ ਮਕਬੂਜ਼ਾ ਕਸ਼ਮੀਰ ਵਿਚ ਭਾਰਤ ਵੱਲੋਂ ਕੀਤੇ ਮਿਜ਼ਾਈਲ ਹਮਲੇ ਵਿਚ ਨੁਕਸਾਨੀ ਇਮਾਰਤ ਦੇ ਮਲਬੇ ਕੋਲ ਖੜ੍ਹੇ ਪਾਕਿਸਤਾਨੀ ਫੌਜੀ। ਫੋਟੋ: ੲੈਪੀੇ/ਪੀਟੀਆਈ
Advertisement
ਨਵੀਂ ਦਿੱਲੀ, 7 ਮਈ
ਪਹਿਲਗਾਮ ਦਹਿਸ਼ਤੀ ਹਮਲੇ ਦਾ ਬਦਲਾ ਲੈਂਦਿਆਂ ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਤੜਕੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਦਹਿਸ਼ਤੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਨ੍ਹਾਂ ਵਿੱਚ ਬਹਾਵਲਪੁਰ ਵੀ ਸ਼ਾਮਲ ਹੈ ਜੋ ਦਹਿਸ਼ਤੀ ਸੰਗਠਨ ਜੈਸ਼-ਏ-ਮੁਹੰਮਦ ਦਾ ਗੜ੍ਹ ਹੈ। ਭਾਰਤੀ ਫੌਜ ਨੇ ਵੱਡੇ ਤੜਕੇ 1.44 ਵਜੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਫੌਜੀ ਹਮਲੇ 'ਆਪ੍ਰੇਸ਼ਨ ਸਿੰਦੂਰ' ਤਹਿਤ ਕੀਤੇ ਗਏ ਹਨ।
ਲਾਈਵ: ਭਾਰਤੀ ਥਲ ਸੈਨਾ ਤੇ ਹਵਾਈ ਸੈਨਾ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ
ਫੌਜ ਨੇ ਕਿਹਾ, ‘‘ਥੋੜ੍ਹਾ ਸਮਾਂ ਪਹਿਲਾਂ, ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ 'ਆਪ੍ਰੇਸ਼ਨ ਸਿੰਦੂਰ' ਸ਼ੁਰੂ ਕੀਤਾ ਸੀ, ਜਿੱਥੋਂ ਭਾਰਤ ਵਿਰੁੱਧ ਦਹਿਸ਼ਤੀ ਹਮਲਿਆਂ ਦੀ ਯੋਜਨਾ ਅਤੇ ਨਿਰਦੇਸ਼ਨ ਕੀਤਾ ਗਿਆ ਸੀ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਦੀਆਂ ਕਾਰਵਾਈਆਂ ‘ਕੇਂਦਰਤ ਤੇ ਨਪੀਆਂ ਤੁਲੀਆਂ’ ਰਹੀਆਂ ਹਨ।
ਭਾਰਤੀ ਫੌਜ ਨੇ ਕਿਹਾ, ‘‘ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਭਾਰਤ ਨੇ ਟੀਚਿਆਂ ਦੀ ਚੋਣ ਅਤੇ ਹਮਲਿਆਂ ਨੂੰ ਅੰਜਾਮ ਦੇਣ ਵਿਚ ਕਾਫ਼ੀ ਸੰਜਮ ਨਾਲ ਕੰਮ ਲਿਆ ਹੈ।’’ ਪਾਕਿਸਤਾਨ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਦੇ ਕੋਟਲੀ ਅਤੇ ਮੁਜ਼ੱਫਰਾਬਾਦ ਅਤੇ ਪੰਜਾਬ ਦੇ ਬਹਾਵਲਪੁਰ ਵਿੱਚ ਮਿਜ਼ਾਈਲ ਹਮਲੇ ਕੀਤੇ ਗਏ। ਉਨ੍ਹਾਂ ਏਆਰਵਾਈ ਨਿਊਜ਼ ਚੈਨਲ ਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ, ਭਾਰਤ ਨੇ ਬਹਾਵਲਪੁਰ ਦੇ ਅਹਿਮਦ ਪੂਰਬੀ ਖੇਤਰ, ਕੋਟਲੀ ਅਤੇ ਮੁਜ਼ੱਫਰਾਬਾਦ ਵਿੱਚ ਤਿੰਨ ਥਾਵਾਂ ’ਤੇ ਹਵਾਈ ਹਮਲੇ ਕੀਤੇ ਸਨ।
ਚੌਧਰੀ ਨੇ ਕਿਹਾ, ‘‘ਇਹ ਬੁਜ਼ਦਿਲਾਨਾ ਅਤੇ ਸ਼ਰਮਨਾਕ ਹਮਲਾ ਭਾਰਤ ਦੇ ਹਵਾਈ ਖੇਤਰ ਦੇ ਅੰਦਰੋਂ ਕੀਤਾ ਗਿਆ ਹੈ। ਉਨ੍ਹਾਂ ਨੂੰ ਕਦੇ ਵੀ ਪਾਕਿਸਤਾਨ ਦੇ ਖੇਤਰ ਵਿੱਚ ਆਉਣ ਅਤੇ ਘੁਸਪੈਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।’’ ਚੌਧਰੀ ਨੇ ਅੱਗੇ ਕਿਹਾ, ‘‘ਮੈਂ ਇਹ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ: ਪਾਕਿਸਤਾਨ ਆਪਣੀ ਪਸੰਦ ਦੇ ਸਮੇਂ ਅਤੇ ਸਥਾਨ ’ਤੇ ਇਸ ਦਾ ਜਵਾਬ ਦੇਵੇਗਾ। ਇਹ ਘਿਨਾਉਣੀ ਭੜਕਾਹਟ ਦਾ ਜਵਾਬ ਦਿੱਤਾ ਜਾਵੇਗਾ।’’
ਭਾਰਤ ਨੇ ਇਹ ਹਮਲੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਦੋ ਹਫ਼ਤੇ ਬਾਅਦ ਕੀਤੇ ਹਨ। ਇਨ੍ਹਾਂ ਹਮਲਿਆਂ ਨੂੰ ਲੈ ਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਵਿਆਪਕ ਰੋਸ ਸੀ।
ਭਾਰਤੀ ਫੌਜ ਨੇ ਬਿਆਨ ਵਿੱਚ ਕਿਹਾ, ‘‘ਇਹ ਕਦਮ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਸ ਵਿੱਚ 25 ਭਾਰਤੀਆਂ ਅਤੇ ਇੱਕ ਨੇਪਾਲੀ ਨਾਗਰਿਕ ਦੀ ਹੱਤਿਆ ਕਰ ਦਿੱਤੀ ਗਈ ਸੀ।’’ ਬਿਆਨ ਵਿਚ ਕਿਹਾ ਗਿਆ, ‘‘ਅਸੀਂ ਇਸ ਵਚਨਬੱਧਤਾ ’ਤੇ ਖਰੇ ਉਤਰ ਰਹੇ ਹਾਂ ਕਿ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।’’ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਭਾਰਤ ਦੇ ਉੱਚ ਫੌਜੀ ਅਧਿਕਾਰੀ ਇਸ ਕਾਰਵਾਈ 'ਤੇ ਨੇੜਿਓਂ ਨਜ਼ਰ ਰੱਖ ਰਹੇ ਸਨ।
ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਅਪਰੈਲ ਨੂੰ ਸਿਖਰਲੇ ਰੱਖਿਆ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਭਾਰਤੀ ਹਥਿਆਰਬੰਦ ਬਲਾਂ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੇ ਜਵਾਬ ਦੇ ਢੰਗ, ਟੀਚਿਆਂ ਅਤੇ ਸਮੇਂ ਬਾਰੇ ਫੈਸਲਾ ਲੈਣ ਲਈ ਪੂਰੀ ਖੁੱਲ੍ਹ ਦਿੱਤੀ ਸੀ। ਸ੍ਰੀ ਮੋਦੀ ਨੇ ‘ਅਤਿਵਾਦ ਨੂੰ ਕਰਾਰਾ ਝਟਕਾ’ ਦੇਣ ਦੇ ਕੌਮੀ ਅਹਿਦ 'ਤੇ ਵੀ ਜ਼ੋਰ ਦਿੱਤਾ। -ਪੀਟੀਆਈ
Advertisement
Advertisement