ਹੁਣ ਵਿਧਾਇਕ ਵਿਧਾਨ ਸਭਾ ਕੰਪਲੈਕਸ ਵਿਚ ਨਹੀਂ ਖਾ ਸਕਣਗੇ ਪਾਨ-ਮਸਾਲਾ ਅਤੇ ਗੁਟਕਾ, ਸਪੀਕਰ ਨੇ ਲਾਈ ਪਾਬੰਦੀ
ਲਖਨਊ, 5 ਮਾਰਚ
ਉੱਤਰ ਪ੍ਰਦੇਸ਼ ਵਿਧਾਨ ਸਭਾ ’ਚ ਪਾਨ-ਮਸਾਲਾ ਥੁੱਕਣ ਦੀ ਘਟਨਾ ਤੋਂ ਬਾਅਦ ਸਪੀਕਰ ਸਤੀਸ਼ ਮਹਾਨਾ ਨੇ ਬੁੱਧਵਾਰ ਨੂੰ ਵਿਧਾਨ ਸਭਾ ਕੰਪਲੈਕਸ ’ਚ ਪਾਨ-ਮਸਾਲਾ ਅਤੇ ਗੁਟਕਾ ਖਾਣ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਮਹਿਣਾ ਨੇ ਕਿਹਾ, "ਵਿਧਾਨ ਸਭਾ ਕੰਪਲੈਕਸ 'ਚ ਪਾਨ-ਮਸਾਲਾ ਅਤੇ ਗੁਟਕੇ ਦੇ ਸੇਵਨ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾਈ ਜਾਂਦੀ ਹੈ। ਜੇਕਰ ਕੋਈ ਵਿਅਕਤੀ ਵਿਧਾਨ ਸਭਾ ਕੰਪਲੈਕਸ ’ਚ ਪਾਨ-ਮਸਾਲਾ ਅਤੇ ਗੁਟਕਾ ਦਾ ਸੇਵਨ ਕਰਦਾ ਹੈ ਤਾਂ ਉਸ 'ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਸ ਵਿਰੁੱਧ ਨਿਯਮ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।"
ਵੀਡੀਓ:-
ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਨੇ ਕਿਹਾ ਕਿ ਕੁਝ ਵਿਧਾਨ ਸਭਾ ਮੈਂਬਰਾਂ ਨੇ ਪਾਨ ਮਸਾਲਾ ਖਾਣ ਤੋਂ ਬਾਅਦ ਵਿਧਾਨ ਸਭਾ ਹਾਲ ’ਚ ਥੁੱਕਿਆ। ਅੱਜ ਸਦਨ ਸ਼ੁਰੂ ਹੋਣ ਤੋਂ ਪਹਿਲਾਂ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮਹਿਣਾ ਨੇ ਖ਼ੁਲਾਸਾ ਕੀਤਾ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਖ਼ੁਦ ਇਸ ਇਲਾਕੇ ਦੀ ਸਫ਼ਾਈ ਕੀਤੀ। ਹਾਲਾਂਕਿ ਉਨ੍ਹਾਂ ਇੱਕ ਵੀਡੀਓ ਵਿਚ ਵਿਧਾਇਕ ਨੂੰ ਇਹ ਕਾਰਾ ਕਰਦੇ ਵੇਖਿਆ ਹੈ, ਪਰ ਉਨ੍ਹਾਂ ਨਾਮ ਜਨਤਕ ਕਰਨ ਤੋਂ ਗੁਰੇਜ਼ ਕੀਤਾ।
ਉਨ੍ਹਾਂ ਕਿਹਾ, ‘‘ਮੈਂ ਵੀਡੀਓ ਵਿੱਚ ਵਿਧਾਇਕ ਨੂੰ ਦੇਖਿਆ ਹੈ ਪਰ ਮੈਂ ਕਿਸੇ ਵਿਅਕਤੀ ਨੂੰ ਜ਼ਲੀਲ ਨਹੀਂ ਕਰਨਾ ਚਾਹੁੰਦਾ। ਇਸ ਲਈ ਮੈਂ ਉਨ੍ਹਾਂ ਦਾ ਨਾਂ ਨਹੀਂ ਲੈ ਰਿਹਾ। ਮੈਂ ਸਾਰੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਉਹ ਕਿਸੇ ਨੂੰ ਅਜਿਹਾ ਕਰਦੇ ਹੋਏ ਦੇਖਦੇ ਹਨ ਤਾਂ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ, ਇਸ ਵਿਧਾਨ ਸਭਾ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ,ਜੇ ਵਿਧਾਇਕ ਆ ਕੇ ਮੈਨੂੰ ਕਹਿਣ ਕਿ ਉਨ੍ਹਾਂ ਨੇ ਅਜਿਹਾ ਕੀਤਾ ਹੈ ਤਾਂ ਚੰਗਾ ਹੋਵੇਗਾ। ਨਹੀਂ ਤਾਂ ਮੈਂ ਉਨ੍ਹਾਂ ਨੂੰ ਬੁਲਾਵਾਂਗਾ।’’ -ਏਐੱਨਆਈ