ਟਰੰਪ ਦੀ ਫੇਰੀ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ
ਉੱਤਰੀ ਕੋਰੀਆ ਦੀ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ: ਦੱਖਣੀ ਕੋਰੀਆ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਹੋਰ ਆਗੂਆਂ ਦੀ ਦੱਖਣੀ ਕੋਰੀਆ ਵਿਚ ਹੋਣ ਵਾਲੀ ਸੰਭਾਵੀ ਬੈਠਕ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਵੱਲੋਂ ਪਿਛਲੇ ਪੰਜ ਮਹੀਨਿਆਂ ਵਿਚ ਕੀਤਾ ਇਹ ਪਹਿਲਾ ਮਿਜ਼ਾਈਲ ਪ੍ਰੀਖਣ ਹੈ।
ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ ਸਟਾਫ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਦੇ ਦੱਖਣ ਵਿਚ ਇਕ ਇਲਾਕੇ ਵਿਚੋਂ ਦਾਗੀਆਂ ਸ਼ੱਕੀ ਸ਼ਾਰਟ ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ ਡਿਟੈਕਟ ਕੀਤੀਆਂ ਹਨ। ਫੌਜ ਮੁਖੀ ਨੇ ਕਿਹਾ ਕਿ ਮਿਜ਼ਾਈਲਾਂ ਉੱਤਰ ਪੂਰਬੀ ਦਿਸ਼ਾ ਵਿਚ 350 ਕਿਲੋਮੀਟਰ (217 ਮੀਲ) ਦੀ ਰਫ਼ਤਾਰ ਨਾਲ ਉੱਡਦੀਆਂ ਨਜ਼ਰ ਆਈਆਂ, ਪਰ ਇਹ ਕਿੱਥੇ ਡਿੱਗੀਆਂ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉਹ ਉੱਤਰੀ ਕੋਰੀਆ ਦੀ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਖਣੀ ਕੋਰੀਆ ਨੇ ਕਿਹਾ ਕਿ ਉਸ ਦਾ ਅਮਰੀਕਾ ਨਾਲ ਮਜ਼ਬੂਤ ਫੌਜੀ ਗੱਠਜੋੜ ਹੈ।
ਉਧਰ ਜਾਪਾਨ ਦੀ ਨਵੀਂ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੀਆਂ ਮਿਜ਼ਾਈਲਾਂ ਜਾਪਾਨ ਦੇ ਪਾਣੀਆਂ ਜਾਂ ਵਿਸ਼ੇਸ ਆਰਥਿਕ ਜ਼ੋਨ ਤੱਕ ਨਹੀਂ ਪਹੁੰਚੀਆਂ ਅਤੇ ਨਾ ਹੀ ਇਨ੍ਹਾਂ ਮਿਜ਼ਾਈਲਾਂ ਨਾਲ ਕਿਸੇ ਨੁਕਸਾਨ ਦੀ ਕੋਈ ਖ਼ਬਰ ਹੈ। ਤਾਕਾਇਚੀ ਨੇ ਕਿਹਾ ਕਿ ਟੋਕੀਓ ਨੇ ਵਾਸ਼ਿੰਗਟਨ ਤੇ ਸਿਓਲ ਨਾਲ ਨੇੜਿਓਂ ਰਾਬਤਾ ਬਣਾਇਆ ਹੋਇਆ ਹੈ ਤੇ ਰੀਅਲ ਟਾਈਮ ਮਿਜ਼ਾਈਲ ਚੇਤਾਵਨੀ ਡੇਟਾ ਵੀ ਇਕ ਦੂਜੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਦੱਖਣੀ ਕੋਰੀਆ ਅਗਲੇ ਹਫ਼ਤੇ ਏਸ਼ੀਆ-ਪੈਸਫਿਕ ਇਕਨੌਮਿਕ ਕੋਆਪਰੇਸ਼ਨ (APEC) ਸਾਲਾਨਾ ਵਾਰਤਾ ਦੀ ਮੇਜ਼ਬਾਨੀ ਕਰ ਰਿਹਾ ਹੈ। ਟਰੰਪ ਦੇ ਆਪਣੇ ਚੀਨੀ ਤੇ ਦੱੱਖਣ ਕੋਰਿਆਈ ਹਮਰੁਤਬਾਵਾਂ ਕ੍ਰਮਵਾਰ ਸ਼ੀ ਜਿਨਪਿੰਗ ਅਤੇ ਲੀ ਜੇ ਮਯੁੰਗ ਸਮੇਤ ਹੋਰਨਾਂ ਆਗੂਆਂ ਨਾਲ ਦੁਵੱਲੀ ਬੈਠਕਾਂ ਲਈ ਸਿਖਰ ਸੰਮੇਲਨ ਤੋਂ ਪਹਿਲਾਂ ਗਿਓਂਗਜੂ ਆਉਣ ਦੀ ਉਮੀਦ ਸੀ, ਪਰ ਦੱਖਣੀ ਕੋਰਿਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੰਪ 30 ਅਕਤੂਬਰ-1 ਨਵੰਬਰ ਨੂੰ ਹੋਣ ਵਾਲੇ APEC ਦੇ ਮੁੱਖ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ।