DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੋਈ ਵੀ ਪਾਕਿਸਤਾਨੀ ਸਮਾਂ-ਸੀਮਾ ਤੋਂ ਵੱਧ ਭਾਰਤ ’ਚ ਨਾ ਰੁਕੇ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਫੋਨ ਕਰਕੇ ਦਿੱਤੀ ਹਦਾਇਤ

  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 25 ਅਪਰੈਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਫੋਨ ਕਰਕੇ ਇਹ ਯਕੀਨੀ ਬਣਾਉਣ ਲਈ ਆਖਿਆ ਹੈ ਕਿ ਕੋਈ ਵੀ ਪਾਕਿਸਤਾਨੀ ਨਾਗਰਿਕ ਭਾਰਤ ਛੱਡਣ ਲਈ ਤੈਅ ਸਮਾਂ ਸੀਮਾ ਤੋਂ ਵੱਧ ਮੁਲਕ ’ਚ ਨਾ ਰਹੇ। ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੀਜ਼ੇ 27 ਅਪਰੈਲ ਤੋਂ ਰੱਦ ਕਰਨ ਦਾ ਐਲਾਨ ਕੀਤਾ ਸੀ ਅਤੇ ਪਾਕਿਸਤਾਨ ’ਚ ਰੁਕੇ ਹੋਏ ਸਾਰੇ ਭਾਰਤੀ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਘਰ ਪਰਤਣ ਦੀ ਸਲਾਹ ਦਿੱਤੀ ਸੀ। ਪਹਿਲਗਾਮ ’ਚ ਮੰਗਲਵਾਰ ਨੂੰ ਦਹਿਸ਼ਤੀ ਹਮਲੇ ਮਗਰੋਂ ਦੋਵੇਂ ਮੁਲਕਾਂ ਵਿਚਕਾਰ ਤਣਾਅ ਵਧ ਗਿਆ ਹੈ। ਇਸ ਹਮਲੇ ’ਚ 26 ਸੈਲਾਨੀ ਮਾਰੇ ਗਏ ਸਨ।

Advertisement

ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਨਿੱਜੀ ਤੌਰ ’ਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਫੋਨ ਕੀਤੇ। ਉਨ੍ਹਾਂ ਮੁੱਖ ਮੰਤਰੀਆਂ ਨੂੰ ਆਪਣੇ ਸੂਬਿਆਂ ’ਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਡਿਪੋਰਟੇਸ਼ਨ ਯਕੀਨੀ ਬਣਾਉਣ ਲਈ ਵੀ ਆਖਿਆ ਹੈ। ਹਿੰਦੂ ਪਾਕਿਸਤਾਨੀ ਨਾਗਰਿਕਾਂ ਨੂੰ ਪਹਿਲਾਂ ਤੋਂ ਜਾਰੀ ਲੰਬੇ ਸਮੇਂ ਦੇ ਵੀਜ਼ਿਆਂ ’ਤੇ ਇਹ ਕਦਮ ਲਾਗੂ ਨਹੀਂ ਹੋਵੇਗਾ ਅਤੇ ਉਨ੍ਹਾਂ ਦੇ ਵੀਜ਼ੇ ਵੈਧ ਰਹਿਣਗੇ। ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਦੀਆਂ ਵੀਜ਼ਾ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਬੁੱਧਵਾਰ ਨੂੰ ਸਾਰਕ ਵੀਜ਼ਾ ਛੋਟ ਯੋਜਨਾ ਤਹਿਤ ਭਾਰਤ ਆਉਣ ਵਾਲੇ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ ’ਚ ਦੇਸ਼ ਛੱਡਣ ਦੇ ਹੁਕਮ ਦਿੱਤੇ ਸਨ ਜਿਸ ਦੀ ਮਿਆਦ ਅੱਜ ਖ਼ਤਮ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬਿਹਾਰ ਦੇ ਮਧੂਬਨੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪਹਿਲਗਾਮ ਹਮਲੇ ’ਚ ਸ਼ਾਮਲ ਅਤਿਵਾਦੀਆਂ ਅਤੇ ਉਨ੍ਹਾਂ ਨੂੰ ਹਮਾਇਤ ਦੇਣ ਵਾਲਿਆਂ ਨੂੰ ਕਲਪਨਾ ਤੋਂ ਵੱਧ ਸਜ਼ਾ ਦਿੱਤੀ ਜਾਵੇਗੀ। ਇਸ ਦੌਰਾਨ ਸਰਬ ਪਾਰਟੀ ਮੀਟਿੰਗ ’ਚ ਵੀ ਸਾਰੀਆਂ ਧਿਰਾਂ ਨੇ ਸਰਕਾਰ ਨੂੰ ਪੂਰੀ ਹਮਾਇਤ ਦਿੰਦਿਆਂ ਅਤਿਵਾਦ ਅਤੇ ਦਹਿਸ਼ਤੀ ਕੈਂਪਾਂ ਖ਼ਿਲਾਫ਼ ਫ਼ੈਸਲਾਕੁੰਨ ਕਾਰਵਾਈ ਕਰਨ ਦਾ ਸੱਦਾ ਦਿੱਤਾ ਸੀ। -ਪੀਟੀਆਈ

Advertisement

ਸਿੰਧ ਜਲ ਸਮਝੌਤੇ ’ਤੇ ਰੋਕ ਬਾਰੇ ਯੋਜਨਾ ਬਣਾਉਣ ਲਈ ਸ਼ਾਹ ਵੱਲੋਂ ਮੀਟਿੰਗ

ਨਵੀਂ ਦਿੱਲੀ (ਆਦਿਤੀ ਟੰਡਨ): ਭਾਰਤ ਵੱਲੋਂ ਪਾਕਿਸਤਾਨ ਨਾਲ ਸਿੰਧ ਜਲ ਸਮਝੌਤਾ ਰੋਕੇ ਜਾਣ ਦੇ ਇਕ ਦਿਨ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਫ਼ੈਸਲੇ ਨੂੰ ਲਾਗੂ ਕਰਨ ਦੀ ਯੋਜਨਾ ਬਣਾਉਣ ਵਾਸਤੇ ਅੱਜ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਮਗਰੋਂ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਕਿਹਾ, ‘‘ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਾਕਿਸਤਾਨ ਨੂੰ ਪਾਣੀ ਦੀ ਇਕ ਵੀ ਬੂੰਦ ਨਾ ਮਿਲੇ। ਮੀਟਿੰਗ ’ਚ ਅਸੀਂ ਲੰਬੇ, ਦਰਮਿਆਨੇ ਅਤੇ ਥੋੜ੍ਹੇ ਸਮੇਂ ਦੀ ਯੋਜਨਾਵਾਂ ਬਾਰੇ ਚਰਚਾ ਕੀਤੀ ਹੈ।’’ ਪਾਟਿਲ ਨੇ ਕਿਹਾ ਕਿ ਲੰਬੇ ਸਮੇਂ ਦੀ ਯੋਜਨਾ ਤਹਿਤ ਦਰਿਆਵਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ਲਈ ਨਵੇਂ ਡੈਮਾਂ ਅਤੇ ਪ੍ਰਾਜੈਕਟਾਂ ਦੀ ਉਸਾਰੀ ਬਾਰੇ ਵਿਚਾਰ ਵਟਾਂਦਰਾ ਹੋਇਆ ਹੈ। ਇਸੇ ਤਰ੍ਹਾਂ ਦਰਮਿਆਨੇ ਅਤੇ ਥੋੜ੍ਹੇ ਸਮੇਂ ਦੀ ਯੋਜਨਾ ਤਹਿਤ ਪੱਛਮੀ ਦਰਿਆਵਾਂ ’ਤੇ ਮੌਜੂਦਾ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰਾਜੈਕਟਾਂ ’ਚੋਂ ਗਾਰ ਕੱਢ ਕੇ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ ਅਤੇ ਉਸ ਨੂੰ ਪਾਕਿਸਤਾਨ ’ਚ ਵਹਿਣ ਤੋਂ ਰੋਕਿਆ ਜਾ ਸਕਦਾ ਹੈ। ਮੀਟਿੰਗ ਦੌਰਾਨ ਜਲ ਪ੍ਰਬੰਧਨ ਮਾਮਲਿਆਂ ਦੇ ਮਾਹਿਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਭਾਰਤ ਨੇ ਵਿਦੇਸ਼ੀ ਸਫ਼ੀਰਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ

ਨਵੀਂ ਦਿੱਲੀ, 25 ਅਪਰੈਲ

ਭਾਰਤ ਨੇ ਅੱਜ ਨਵੀਂ ਦਿੱਲੀ ’ਚ ਮੌਜੂਦ ਲਗਪਗ 45 ਮੁਲਕਾਂ ਦੇ ਸਫ਼਼ੀਰਾਂ ਨੂੰ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਤੇ ਸਰਹੱਦ ਪਾਰ ਅਤਿਵਾਦ ਨਾਲ ਇਸ ਦੇ ਸਬੰਧਾਂ ਬਾਰੇ ਜਾਣਕਾਰੀ ਦਿੱਤੀ। ਮਾਮਲੇ ਸਬੰਧੀ ਜਾਣੂ ਲੋਕਾਂ ਨੇ ਦੱਸਿਆ ਕਿ ਭਾਰਤ ਨੇ ਰਾਜਦੂਤਾਂ ਨੂੰ ਮੰਗਲਵਾਰ ਨੂੰ ਹੋਏ ਹਮਲੇ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਇਆ। ਭਾਰਤ ਨੇ ਅਤਿਵਾਦ ਖ਼ਿਲਾਫ਼ ‘ਬਿਲਕੁਲ ਬਰਦਾਸ਼ਤ ਨਹੀਂ’ ਦੀ ਨੀਤੀ ਅਪਣਾਈ ਹੈ। ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਬੈਚਾਂ ’ਚ ਸਫ਼ੀਰਾਂ ਨੂੰ ਜਾਣਕਾਰੀ ਦਿੱਤੀ ਗਈ। ਪੂਰੇ ਘਟਨਾਕ੍ਰਮ ਤੋਂ ਜਾਣਕਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ’ਚ ਲਾਤੀਨੀ ਅਮਰੀਕਾ, ਅਫਰੀਕਾ ਤੇ ਪੱਛਮੀ ਏਸ਼ੀਆ ਦੇ ਸਫ਼ੀਰ ਸ਼ਾਮਲ ਹੋਏ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਜ਼ਰਾਈਲ ਦੇ ਸਫ਼ੀਰ ਰੀਊਵੇਨ ਅਜ਼ਾਰ, ਅਰਜਨਟੀਨਾ ਦੇ ਰਾਜਦੂਤ ਮੈਰੀਆਨੋ ਕੌਸਿਨੋ, ਮਿਸਰ ਦੇ ਕਾਮਲ ਜਾਏਦ ਤੇ ਨੇਪਾਲੀ ਸਫ਼ੀਰ ਸ਼ੰਕਰ ਪੀ. ਸ਼ਰਮਾ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਅਜ਼ਾਰ ਨਾਲ ਮੀਟਿੰਗ ਦੌਰਾਨ ਜੈਸ਼ੰਕਰ ਨੇ ਸਰਹੱਦ ਪਾਰੋਂ ਅਤਿਵਾਦ ਦੇ ਟਾਕਰੇ ਲਈ ਇਜ਼ਰਾਈਲ ਦੇ ਸਖ਼ਤ ਰੁਖ਼ ਦੀ ਸ਼ਲਾਘਾ ਕੀਤੀ ਅਤੇ ਸ਼ੰਕਰ ਨਾਲ ਮੀਟਿੰਗ ਦੌਰਾਨ ਪਹਿਲਗਾਮ ਹਮਲੇ ’ਚ ਮਾਰੇ ਗਏ ਨੇਪਾਲੀ ਨਾਗਰਿਕ ਦੀ ਮੌਤ ’ਤੇ ਸਫ਼ੀਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। -ਪੀਟੀਆਈ

ਆਲਮੀ ਆਗੂਆਂ ਨੇ ਅਤਿਵਾਦ ਦੇ ਟਾਕਰੇ ਲਈ ਵਚਨਬੱਧਤਾ ਦੁਹਰਾਈ

ਨਵੀਂ ਦਿੱਲੀ/ਲੰਡਨ/ਵਾਸ਼ਿੰਗਟਨ, 25 ਅਪਰੈਲ

ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਨੈਦਰਲੈਂਡਜ਼ ਦੇ ਪ੍ਰਧਾਨ ਮੰਤਰੀ ਡਿਕ ਸਕੂਫ ਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੂਰਾ ਕੁਮਾਰ ਦੀਸਾਨਾਇਕੇ ਸਣੇ ਹੋਰ ਆਲਮੀ ਆਗੂਆਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਤੇ ਅਤਿਵਾਦ ਦੇ ਟਾਕਰੇ ਲਈ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਕਾਰਨ ਬੇਹੱਦ ਦੁਖੀ ਹਨ। ਉਕਤ ਆਗੂਆਂ ਨੇ ਗੱਲਬਾਤ ਦੌਰਾਨ ਅਤਿਵਾਦ ਦੇ ਰੂਪਾਂ ਨਾਲ ਨਜਿੱਠਣ ਲਈ ਵਚਨਬੱਧਤਾ ਦੀ ਪੁਸ਼ਟੀ ਕੀਤੀ। ਮੰਗਲਵਾਰ ਨੂੰ ਹੋਏ ਹਮਲੇ ’ਚ 26 ਵਿਅਕਤੀ ਮਾਰੇ ਗਏ ਸਨ ਜਿਸ ਨਾਲ ਭਾਰਤ ਤੇ ਵਿਦੇਸ਼ ’ਚ ਗੁੱਸੇ ਦੀ ਲਹਿਰ ਫੈਲ ਗਈ। ਇਸ ਦੌਰਾਨ ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗਬਾਰਡ ਨੇ ਅੱਜ ਕਿਹਾ ਕਿ ਅਮਰੀਕਾ ਪਹਿਲਗਾਮ ਦੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਭਾਲ ਕਰ ਰਹੇ ਭਾਰਤ ਨਾਲ ਡਟ ਕੇ ਖੜ੍ਹਾ ਹੈ। ਵਿਦੇਸ਼ ਵਿਭਾਗ ਨੇ ਵੀ ਕਿਹਾ ਕਿ ਪਹਿਲਗਾਮ ਦੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਲਈ ਅਮਰੀਕਾ, ਭਾਰਤ ਦੇ ਨਾਲ ਹੈ।

ਇਸ ਦੌਰਾਨ ਬਰਤਾਨੀਆ ਦੀ ਸੰਸਦ ’ਚ ਪਹਿਲਗਾਮ ਦਹਿਸ਼ਤੀ ਹਮਲੇ ਦਾ ਮੁੱਦਾ ਵੀ ਗੂੰਜਿਆ। ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਹਾਊਸ ਆਫ਼ ਕਾਮਨਜ਼ ’ਚ ਪਹਿਲਗਾਮ ਦਹਿਸ਼ਤੀ ਹਮਲੇ ਦਾ ਮੁੱਦਾ ਚੁੱਕਦਿਆਂ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ ਦਾ ਸੱਦਾ ਦਿੱਤਾ। ਵਿਦੇਸ਼ ਮੰਤਰੀ ਡੇਵਿਡ ਲੈਮੀ, ਸਦਨ ਦੇ ਆਗੂ ਲੂਸੀ ਪਾਵੇਲ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਬੌਬ ਬਲੈਕਮੈਨ ਨੇ ਵੀ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ। -ਪੀਟੀਆਈ

Advertisement
×