ਇਜ਼ਰਾਇਲੀ ਹਮਲਿਆਂ ਤੋਂ ਕੋਈ ਨਹੀਂ ਬੱਚ ਸਕਦਾ, ਅਗਲਾ ਨਿਸ਼ਾਨਾ ‘ਖਮੇਨੀ’ ਹੋ ਸਕਦੇ ਹਨ: ਨੇਤਨਯਾਹੂ
ਯੋਰੋਸ਼ਲਮ, 19 ਜੂਨ
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਕਿਹਾ ਕਿ ਇਜ਼ਰਾਇਲੀ ਹਮਲਿਆਂ ਤੋਂ ‘ਕੋਈ ਵੀ ਬੱਚ ਨਹੀਂ’ ਸਕਦਾ। ਨੇਤਨਯਾਹੂ ਨੇ ਇਸ਼ਾਰਾ ਕੀਤਾ ਕਿ ਇਰਾਨ ਦੇ ਸੁਪਰੀਮ ਆਗੂ ਅਯਾਤੁੱਲ੍ਹਾ ਅਲੀ ਖਮੇਨੀ ਵੀ ‘ਨਿਸ਼ਾਨੇ’ ਉੱਤੇ ਹੋ ਸਕਦੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਮੁਲਕ ਦੇ ਦੱਖਣੀ ਸ਼ਹਿਰ ਬੀਰਸ਼ੇਬਾ ਵਿਚ ਸੋਰੋਕਾ ਮੈਡੀਕਲ ਸੈਂਟਰ ਦੀ ਫੇਰੀ ਮੌਕੇ ਪੱਤਰਕਾਰਾਂ ਦੇ ਇਕ ਸਵਾਲ ਨੂੰ ਲੈ ਕੇ ਕੀਤੀਆਂ। ਇਰਾਨ ਨੇ ਵੀਰਵਾਰ ਸਵੇਰੇ ਮਿਜ਼ਾਈਲ ਹਮਲੇ ਕਰਕੇ ਮੈਡੀਕਲ ਸੈਂਟਰ ਨੂੰ ਨਿਸ਼ਾਨਾ ਬਣਾਇਆ। ਯਹੂਦੀ ਮੁਲਕ ਵੱਲੋਂ ਸ਼ੁੱਕਰਵਾਰ ਨੂੰ ਸ਼ੁਰੂ ਕੀਤੇ Operation Rising Lion ਮਗਰੋਂ ਇਰਾਨ ਹੁਣ ਤੱਕ ਇਜ਼ਰਾਈਲ ’ਤੇ ਚਾਰ ਸੌ ਤੋਂ ਵਧ ਬੈਲਸਟਿਕ ਮਿਜ਼ਾਈਲਾਂ ਤੇ ਹਜ਼ਾਰ ਤੋਂ ਵੱਧ ਡਰੋਨ ਦਾਗ ਚੁੱਕਾ ਹੈ।
ਨੇਤਨਯਾਹੂ ਨੇ ਕਿਹਾ, ‘‘ਮੈਂ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਨੂੰ ਵੀ ਬਖ਼ਸ਼ਿਆ ਨਾ ਜਾਵੇ। ਮੈਂ ਬੋਲਣ ਵਿਚ ਨਹੀਂ ਬਲਕਿ ਕਰ ਕੇ ਦਿਖਾਉਣ ਵਿਚ ਯਕੀਨ ਰੱਖਦਾ ਹਾਂ।’’ ਉਨ੍ਹਾਂ ਕਿਹਾ, ‘‘ਜੰਗ ਦੌਰਾਨ, ਸ਼ਬਦਾਂ ਦੀ ਚੋਣ ਸਾਵਧਾਨੀ ਨਾਲ ਕਰਨੀ ਪੈਂਦੀ ਹੈ ਜਦੋਂਕਿ ਕਾਰਵਾਈ ਸਟੀਕ ਹੋਣੀ ਚਾਹੀਦੀ ਹੈ। ਸਾਰੇ ਬਦਲ ਖੁੱਲ੍ਹੇ ਹਨ। ਪ੍ਰੈੱਸ ਵਿੱਚ ਇਸ ਬਾਰੇ ਗੱਲ ਨਾ ਕਰਨਾ ਹੀ ਠੀਕ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਰਾਨ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਉਸ ਦੇ ਪ੍ਰਮਾਣੂ ਪ੍ਰੋਗਰਾਮ ਤੇ ਮਿਜ਼ਾਈਲ ਭੰਡਾਰ ਖਿਲਾਫ਼ ਸੀ ਤਾਂ ਕਿ ਉਨ੍ਹਾਂ ਦੇ ਮੁਲਕ ਨੂੰ ਬਚਾਇਆ ਜਾ ਸਕੇ। ਉਧਰ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਜਨਤਕ ਤੌਰ ’ਤੇ ਖਮੇਨੀ ਨੂੰ ਧਮਕੀ ਦਿੱਤੀ ਹੈ। ਕਾਟਜ਼ ਨੇ ਹੋਲੋਨ ਸ਼ਹਿਰ ਵਿਚ ਇਰਾਨੀ ਹਮਲੇ ਦੀ ਜ਼ੱਦ ਵਿਚ ਆਈ ਥਾਂ ਦੀ ਫੇਰੀ ਮੌਕੇ ਕਿਹਾ, ‘‘ਆਧੁਨਿਕ ਹਿਟਲਰ, ਖਮੇਨੀ ਦੀ ਹੋਂਦ ਨੂੰ ਰੋਕਣਾ - ਇਸ ਕਾਰਵਾਈ ਦੇ ਟੀਚਿਆਂ ਵਿੱਚੋਂ ਇੱਕ ਹੈ।’’ ਇਸ ਦੌਰਾਨ ਇਰਾਨ ਵੱਲੋਂ ਰਮਾਤ ਗਾਨ, ਹੋਲੋਂ ਤੇ ਬੀਰਸ਼ੇਬਾ ਵਿਚ ਕੀਤੇ ਸੱਜਰੇ ਬੈਲਸਟਿਕ ਮਿਜ਼ਾਈਲ ਹਮਲਿਆਂ ਮਗਰੋਂ ਕੁੱਲ ਮਿਲਾ ਕੇ 147 ਵਿਅਕਤੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਲਿਆਂਦਾ ਗਿਆ ਹੈ। -ਪੀਟੀਆਈ