ਨਿਤੀਸ਼ ਕੁਮਾਰ ਨੇ ਰਿਕਾਰਡ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ
ਜੇਡੀਯੂ ਸੁਪਰੀਮੋ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿਚ ਰੱਖੇ ਹਲਫ਼ਦਾਰੀ ਸਮਾਗਮ ਵਿਚ ਰਿਕਾਰਡ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ।
ਸੀਨੀਅਰ ਭਾਜਪਾ ਆਗੂ ਸਮਰਾਟ ਚੌਧਰੀ, ਜਿਨ੍ਹਾਂ ਨੂੰ ਪਾਰਟੀ ਦਾ ਓਬੀਸੀ ਚਿਹਰਾ ਮੰਨਿਆ ਜਾਂਦਾ ਹੈ, ਨੇ ਮੰਤਰੀ ਵਜੋਂ ਸਹੁੰ ਚੁੱਕੀ। ਸਮਰਾਟ ਚੌਧਰੀ ਸਾਬਕਾ ਮੰਤਰੀ ਸ਼ਕੁਨੀ ਚੌਧਰੀ ਦੇ ਪੁੱਤਰ ਅਤੇ ਰਾਜ ਵਿੱਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਸਨ। ਉਹ ਬਿਹਾਰ ਦੀ ਪਿਛਲੀ ਐਨਡੀਏ ਸਰਕਾਰ ਵਿੱਚ ਉਪ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੇ ਇਸ ਵਾਰ ਤਾਰਾਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਹੈ। ਭਾਜਪਾ ਦੇ ਦਿਲੀਪ ਜੈਸਵਾਲ ਅਤੇ ਮੰਗਲ ਪਾਂਡੇ ਨੇ ਵੀ ਬਿਹਾਰ ਦੇ ਮੰਤਰੀ ਵਜੋਂ ਸਹੁੰ ਚੁੱਕੀ। ਕੁਮਾਰ ਦੇ ਨਾਲ 19 ਮੰਤਰੀਆਂ ਨੇ ਵੀ ਸਹੁੰ ਚੁੱਕੀ।
ਹਲਫ਼ਦਾਰੀ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਐੱਨਡੀਏ ਦੇ ਹੋਰ ਸਿਖਰਲੇ ਆਗੂ ਅਤੇ ਐੱਨਡੀਏ ਸ਼ਾਸਿਤ ਰਾਜਾਂ ਦੇ ਕਈ ਮੁੱਖ ਮੰਤਰੀ ਵੀ ਮੌਜੂਦ ਹਨ।
ਕੁਮਾਰ ਨੇ ਬੁੱਧਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਫਿਰ ਰਾਜਪਾਲ ਆਰਿਫ ਮੁਹੰਮਦ ਖਾਨ ਸਾਹਮਣੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
