ਨਿਤੀਸ਼ ਕੁਮਾਰ ਨੇ ਰਿਕਾਰਡ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ
ਜੇਡੀਯੂ ਸੁਪਰੀਮੋ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿਚ ਰੱਖੇ ਹਲਫ਼ਦਾਰੀ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਰਿਕਾਰਡ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ। ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਨਿਤੀਸ਼ ਸਣੇ ਉਨ੍ਹਾਂ ਦੀ 26 ਮੈਂਬਰੀ ਕੈਬਨਿਟ ਨੂੰ ਹਲਫ਼ ਦਿਵਾਇਆ।
ਸੀਨੀਅਰ ਭਾਜਪਾ ਆਗੂ ਸਮਰਾਟ ਚੌਧਰੀ, ਜਿਨ੍ਹਾਂ ਨੂੰ ਪਾਰਟੀ ਦਾ ਓਬੀਸੀ ਚਿਹਰਾ ਮੰਨਿਆ ਜਾਂਦਾ ਹੈ, ਨੇ ਮੰਤਰੀ ਵਜੋਂ ਸਹੁੰ ਚੁੱਕੀ। ਸਮਰਾਟ ਚੌਧਰੀ ਸਾਬਕਾ ਮੰਤਰੀ ਸ਼ਕੁਨੀ ਚੌਧਰੀ ਦੇ ਪੁੱਤਰ ਅਤੇ ਰਾਜ ਵਿੱਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਸਨ। ਉਹ ਬਿਹਾਰ ਦੀ ਪਿਛਲੀ ਐਨਡੀਏ ਸਰਕਾਰ ਵਿੱਚ ਉਪ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੇ ਇਸ ਵਾਰ ਤਾਰਾਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਹੈ।
ਜਮੂਈ ਤੋਂ ਲਗਾਤਾਰ ਦੂਜੀ ਵਾਰ ਚੋਣ ਜਿੱਤਣ ਵਾਲੀ ਤੇ ਤਗ਼ਮਾ ਜੇਤੂ ਨਿਸ਼ਾਨੇਬਾਜ਼ ਸ਼੍ਰੇਅਸੀ ਸਿੰਘ ਨੂੰ ਵੀ ਕੈਬਨਿਟ ਵਿੱਚ ਦਾਖ਼ਲਾ ਮਿਲਿਆ ਹੈ। ਮੁਜ਼ੱਫਰਪੁਰ ਤੋਂ ਸਾਬਕਾ ਸੰਸਦ ਮੈਂਬਰ ਅਜੈ ਨਿਸ਼ਾਦ ਦੀ ਪਤਨੀ ਰਮਾ ਨਿਸ਼ਾਦ, ਜੋ ਚੋਣਾਂ ਦੇ ਦੌਰ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਔਰਾਈ ਤੋਂ ਚੁਣੇ ਗਏ ਸਨ, ਨੂੰ ਵੀ ਸੂਬਾਈ ਕੈਬਨਿਟ ਵਿੱਚ ਥਾ ਮਿਲੀ ਹੈ। ਜੇਡੀ(ਯੂ) ਤੋਂ ਨੌਵੀਂ ਵਾਰ ਵਿਧਾਇਕ ਰਹੇ ਬਿਜੇਂਦਰ ਪ੍ਰਸਾਦ ਯਾਦਵ ਨੂੰ ਰਾਜ ਕੈਬਨਿਟ ਵਿੱਚ ਵਾਪਸ ਲਿਆਂਦਾ ਗਿਆ ਹੈ।
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੀ ਪਾਰਟੀ ਐਲਜੇਪੀਆਰਵੀ ਅਤੇ ਰਾਜ ਸਭਾ ਮੈਂਬਰ ਉਪੇਂਦਰ ਕੁਸ਼ਵਾਹਾ ਦੀ ਆਰਐਲਐਮ ਤੋਂ ਕਿਸੇ ਵੀ ਵਿਧਾਇਕ ਨੂੰ ਕੈਬਨਿਟ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਪਾਰਟੀਆਂ ਦੇ ਬਿਹਾਰ ਅਸੈਂਬਲੀ ਵਿਚ ਕ੍ਰਮਵਾਰ 19 ਅਤੇ ਚਾਰ ਵਿਧਾਇਕ ਹਨ।
ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵਿੱਚ, ਭਾਜਪਾ ਕੋਲ 15 ਮੰਤਰੀ ਤੇ ਜੇਡੀ(ਯੂ) ਕੋਲ ਮੁੱਖ ਮੰਤਰੀ ਸਣੇ 12 ਮੰਤਰੀ ਸਨ। ਹਿੰਦੁਸਤਾਨੀ ਅਵਾਮ ਮੋਰਚਾ (ਧਰਮ ਨਿਰਪੱਖ) ਕੋਲ ਇੱਕ ਸੀ, ਅਤੇ ਇੱਕ ਮੰਤਰੀ ਜੋ ਇੱਕ ਆਜ਼ਾਦ ਉਮੀਦਵਾਰ ਸੀ।
ਹਲਫ਼ਦਾਰੀ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਐੱਨਡੀਏ ਦੇ ਹੋਰ ਸਿਖਰਲੇ ਆਗੂ ਅਤੇ ਐੱਨਡੀਏ ਸ਼ਾਸਿਤ ਰਾਜਾਂ ਦੇ ਕਈ ਮੁੱਖ ਮੰਤਰੀ ਵੀ ਮੌਜੂਦ ਸਨ।
ਕੁਮਾਰ ਨੇ ਬੁੱਧਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਫਿਰ ਰਾਜਪਾਲ ਆਰਿਫ ਮੁਹੰਮਦ ਖਾਨ ਸਾਹਮਣੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਪ੍ਰਸ਼ਾਂਤ ਕਿਸ਼ੋਰ ਨੇ ਇਕ ਦਿਨ ਦਾ ਮੌਨ ਵਰਤ ਰੱਖਿਆ
ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਵੀਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਜਨ ਸੂਰਾਜ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਇੱਕ ਦਿਨ ਦਾ ਮੌਨ ਵਰਤ ਰੱਖਿਆ। ਜਨ ਸੂਰਾਜ ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ, ਕਿਸ਼ੋਰ ਪੱਛਮੀ ਚੰਪਾਰਨ ਜ਼ਿਲ੍ਹੇ ਵਿੱਚ ਮਹਾਤਮਾ ਗਾਂਧੀ ਦੁਆਰਾ ਲਗਭਗ ਇੱਕ ਸਦੀ ਪਹਿਲਾਂ ਸਥਾਪਿਤ ਭੀਟੀਹਰਵਾ ਆਸ਼ਰਮ ਪਹੁੰਚੇ ਅਤੇ ਮੌਨ ਵਰਤ ਰੱਖਿਆ। ਮਹਾਤਮਾ ਗਾਂਧੀ ਪ੍ਰਤੀ ਆਪਣੇ ਡੂੰਘੇ ਸਤਿਕਾਰ ਲਈ ਜਾਣੇ ਜਾਂਦੇ ਕਿਸ਼ੋਰ ਨੇ ਤਿੰਨ ਸਾਲ ਪਹਿਲਾਂ ਇੱਥੋਂ ਆਪਣੀ 3,500 ਕਿਲੋਮੀਟਰ ਦੀ ਪਦਯਾਤਰਾ ਸ਼ੁਰੂ ਕੀਤੀ ਸੀ, ਜੋ ਪਿਛਲੇ ਸਾਲ ਗਾਂਧੀ ਜਯੰਤੀ ਮੌਕੇ ਜਨ ਸੂਰਾਜ ਪਾਰਟੀ ਦੇ ਗਠਨ ਨਾਲ ਸਮਾਪਤ ਹੋਈ।
