ਐੱਨ ਡੀ ਏ ਵਿਚਾਲੇ ਸੀਟਾਂ ਦੀ ਵੰਡ ਮਗਰੋਂ ਆਗੂਆਂ ਦੇ ਨਾਰਾਜ਼ ਹੋਣ ਦੇ ਡਰੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਜਨਤਾ ਦਲ (ਯੂ) ਦੀਆਂ ਟਿਕਟਾਂ ਵੰਡ ਦਿੱਤੀਆਂ ਹਾਲਾਂਕਿ ਉਨ੍ਹਾਂ ਪਹਿਲਾਂ ਦੀ ਤਰ੍ਹਾਂ ਪ੍ਰੈੱਸ ਕਾਨਫਰੰਸ ਕਰ ਕੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ। ਭਾਜਪਾ ਨੇ ਵੀ ਅੱਜ ਆਪਣੇ 71 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ’ਚ 13 ਮੰਤਰੀਆਂ ਤੇ ਨੌਂ ਮਹਿਲਾਵਾਂ ਦੇ ਨਾਂ ਸ਼ਾਮਲ ਹਨ ਜਦਕਿ ਵਿਧਾਨ ਸਭਾ ਸਪੀਕਰ ਨੰਦਕਿਸ਼ੋਰ ਯਾਦਵ ਦੀ ਟਿਕਟ ਕੱਟ ਦਿੱਤੀ ਗਈ ਹੈ।ਸੂਤਰਾਂ ਨੇ ਦੱਸਿਆ ਕਿ ਅਜੇ ਤੁਰੰਤ ਇਹ ਪਤਾ ਨਹੀਂ ਲੱਗਿਆ ਕਿ ਜੇ ਡੀ ਯੂ ਦੇ ਕਿੰਨੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਪਰ ਮੁੱਖ ਤੌਰ ’ਤੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ, ਉਨ੍ਹਾਂ ਵਿੱਚ ਮੰਤਰੀ ਬਿਜੇਂਦਰ ਪ੍ਰਸਾਦ ਯਾਦਵ, ਜੇ ਡੀ ਯੂ ਦੇ ਸੂਬਾ ਪ੍ਰਧਾਨ ਉਮੇਸ਼ ਕੁਮਾਰ ਕੁਸ਼ਵਾਹਾ ਤੇ ਗੈਂਗਸਟਰ ਤੋਂ ਨੇਤਾ ਬਣੇ ਅਨੰਤ ਕੁਮਾਰ ਸਿੰਘ ਸ਼ਾਮਲ ਹਨ। ਇਸੇ ਦਰਮਿਆਨ ਟਿਕਟ ਨਾ ਮਿਲਣ ਤੋਂ ਨਾਰਾਜ਼ ਗੋਪਾਲਪੁਰ ਤੋਂ ਜੇ ਡੀ ਯੂ ਵਿਧਾਇਕ ਗੋਪਾਲ ਮੰਡਲ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਦਿੱਤਾ।ਭਾਜਪਾ ਦੀ ਪਹਿਲੀ ਸੂਚੀ ਵਿੱਚ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਤਾਰਾਪੁਰ ਤੇ ਸਾਬਕਾ ਉਪ ਮੁੱਖ ਮੰਤਰੀ ਵਿਜੈ ਸਿਨਹਾ ਨੂੰ ਲਖੀਸਰਾਏ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦੂਜੇ ਪਾਸੇ, ਵਿਧਾਨ ਸਭਾ ਸਪੀਕਰ ਨੰਦਕਿਸ਼ੋਰ ਯਾਦਵ ਦੀ ਟਿਕਟ ਕੱਟ ਕੇ ਉਨ੍ਹਾਂ ਦੀ ਥਾਂ ਹਾਈ ਕੋਰਟ ਦੇ ਵਕੀਲ ਤੇ ਭਾਜਪਾ ਆਗੂ ਰਤਨੇਸ਼ ਕੁਸ਼ਵਾਹਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਯਾਦਵ ਸੱਤ ਵਾਰ ਪਟਨਾ ਸਾਹਿਬ ਤੋਂ ਵਿਧਾਇਕ ਰਹਿ ਚੁੱਕੇ ਹਨ। ਪਾਰਟੀ ਨੇ ਪਹਿਲੀ ਸੂਚੀ ਵਿੱਚ ਮੌਜੂਦਾ 48 ਵਿਧਾਇਕਾਂ ਨੂੰ ਮੁੜ ਮੌਕਾ ਦਿੱਤਾ ਹੈ। ਬਾਕੀ 30 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਵਿਧਾਨ ਸਭਾ ਸਪੀਕਰ ਯਾਦਵ ਨੇ ਕਿਹਾ ਕਿ ਉਹ ਪਾਰਟੀ ਦੇ ਫ਼ੈਸਲੇ ਦੇ ਨਾਲ ਹਨ। ਦੂਜੇ ਪਾਸੇ ਓਰਾਈ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਰਾਮਸੂਰਤ ਰਾਏ ਦੇ ਹਮਾਇਤੀਆਂ ਨੇ ਟਿਕਟ ਨਾ ਮਿਲਣ ’ਤੇ ਪਾਰਟੀ ਹੈੱਡਕੁਆਰਟਰ ’ਚ ਹੰਗਾਮਾ ਕੀਤਾ ਤੇ ਪਾਰਟੀ ’ਤੇ ਟਿਕਟ ਵੇਚਣ ਦਾ ਦੋਸ਼ ਲਾਇਆ। ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਹੇਠਲੀ ਹਿੰਦੁਸਤਾਨ ਅਵਾਮ ਪਾਰਟੀ ਨੇ ਵੀ ਅੱਜ ਆਪਣੇ ਸਾਰੇ ਛੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।