ਨਾਈਜੀਰੀਆ: ਸਕੂਲ ’ਤੇ ਹਮਲੇ ’ਚ 200 ਤੋਂ ਵੱਧ ਵਿਦਿਆਰਥੀ, 12 ਅਧਿਆਪਕ ਅਗਵਾ
ਈਸਾਈ ਐਸੋਸੀਏਸ਼ਨ ਆਫ ਨਾਈਜੀਰੀਆ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਨਾਈਜੀਰੀਆ ਦੇ ਪੱਛਮੀ ਖੇਤਰ ਵਿੱਚ ਇੱਕ ਕੈਥੋਲਿਕ ਬੋਰਡਿੰਗ ਸਕੂਲ 'ਤੇ ਹਮਲਾ ਕਰਕੇ 200 ਤੋਂ ਵੱਧ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਹੈ। ਅਫ਼ਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਅਗਵਾ ਦੀਆਂ ਘਟਨਾਵਾਂ ਵਿੱਚ ਇਹ ਤਾਜ਼ਾ ਵਾਧਾ ਹੈ।
ਇਹ ਹਮਲਾ ਅਤੇ ਅਗਵਾ ਦੀਆਂ ਘਟਨਾਵਾਂ ਸਥਾਨਕ ਸਰਕਾਰੀ ਖੇਤਰ ਦੇ ਪਪੀਰੀ ਕਮਿਊਨਿਟੀ ਵਿੱਚ ਸਥਿਤ ਇੱਕ ਕੈਥੋਲਿਕ ਸੰਸਥਾ ਸੇਂਟ ਮੈਰੀਜ਼ ਸਕੂਲ ਵਿੱਚ ਵਾਪਰੀਆਂ ਹਨ। ਹਮਲਾਵਰਾਂ ਨੇ 215 ਵਿਦਿਆਰਥੀਆਂ ਅਤੇ 12 ਅਧਿਆਪਕਾਂ ਨੂੰ ਅਗਵਾ ਲਿਆ। ਇਹ ਜਾਣਕਾਰੀ CAN ਦੀ ਨਾਈਜਰ ਰਾਜ ਇਕਾਈ ਦੇ ਬੁਲਾਰੇ ਡੈਨੀਅਲ ਅਟੋਰੀ ਨੇ ਦਿੱਤੀ।
ਅਟੋਰੀ ਨੇ ਇੱਕ ਬਿਆਨ ਵਿੱਚ, ਨਾਈਜਰ ਵਿੱਚ CAN ਦੇ ਚੇਅਰਮੈਨ ਮੋਸਟ ਰੇਵ. ਬੁਲਸ ਡਾਉਵਾ ਦੇ ਹਵਾਲੇ ਨਾਲ ਕਿਹਾ, "ਮੈਂ ਅੱਜ ਰਾਤ ਹੀ ਪਿੰਡ ਵਾਪਸ ਆਇਆ ਹਾਂ, ਜਿੱਥੇ ਮੈਂ ਸਕੂਲ ਦਾ ਦੌਰਾ ਕੀਤਾ ਅਤੇ ਮਾਪਿਆਂ ਨਾਲ ਵੀ ਮੁਲਾਕਾਤ ਕੀਤੀ।" ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਐਸੋਸੀਏਸ਼ਨ ਸਾਡੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।
ਨਾਈਜਰ ਸਟੇਟ ਪੁਲੀਸ ਕਮਾਂਡ ਨੇ ਦੱਸਿਆ ਕਿ ਅਗਵਾ ਦੀਆਂ ਘਟਨਾਵਾਂ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਵਾਪਰੀਆਂ ਅਤੇ ਉਸ ਤੋਂ ਬਾਅਦ ਫੌਜੀ ਅਤੇ ਸੁਰੱਖਿਆ ਬਲਾਂ ਨੂੰ ਕਮਿਊਨਿਟੀ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਸੇਂਟ ਮੈਰੀਜ਼ ਨੂੰ ਇੱਕ ਸੈਕੰਡਰੀ ਸਕੂਲ ਦੱਸਿਆ, ਜੋ ਨਾਈਜੀਰੀਆ ਵਿੱਚ ਆਮ ਤੌਰ 'ਤੇ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੜ੍ਹਾਉਂਦਾ ਹੈ।
62 ਸਾਲਾ ਦਾਉਦਾ ਚੇਕੁਲਾ ਨੇ ਦੱਸਿਆ ਕਿ ਉਸ ਦੇ ਚਾਰ ਪੋਤੇ-ਪੋਤੀਆਂ, ਜਿਨ੍ਹਾਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਹੈ, ਅਗਵਾ ਕੀਤੇ ਗਏ ਬੱਚਿਆਂ ਵਿੱਚ ਸ਼ਾਮਲ ਹਨ।
ਨਾਈਜਰ ਰਾਜ ਸਰਕਾਰ ਦੇ ਸਕੱਤਰ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਖਤਰਾ ਵਧਣ ਦੀ ਚੇਤਾਵਨੀ ਦੇ ਬਾਵਜੂਦ ਇਹ ਘਟਨਾ ਵਾਪਰੀ ਹੈ।
ਬਿਆਨ ਵਿੱਚ ਲਿਖਿਆ ਹੈ, “ਅਫ਼ਸੋਸ ਦੀ ਗੱਲ ਹੈ ਕਿ ਸੇਂਟ ਮੈਰੀਜ਼ ਸਕੂਲ ਨੇ ਰਾਜ ਸਰਕਾਰ ਨੂੰ ਸੂਚਿਤ ਕੀਤੇ ਜਾਂ ਮਨਜ਼ੂਰੀ ਲਏ ਬਿਨਾਂ ਦੁਬਾਰਾ ਖੋਲ੍ਹਣ ਅਤੇ ਅਕਾਦਮਿਕ ਗਤੀਵਿਧੀਆਂ ਸ਼ੁਰੂ ਕਰਨ ਦਾ ਫੈਸਲਾ ਕੀਤਾ, ਇਸ ਤਰ੍ਹਾਂ ਵਿਦਿਆਰਥੀਆਂ ਅਤੇ ਸਟਾਫ ਨੂੰ ਟਾਲਣਯੋਗ ਖਤਰੇ ਵਿੱਚ ਪਾਇਆ ਗਿਆ।”
ਪਪੀਰੀ ਨਿਵਾਸੀ ਉਮਰ ਯੂਨਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਮਲੇ ਦੇ ਸਮੇਂ ਸਕੂਲ ਦੀ ਸੁਰੱਖਿਆ ਲਈ ਸਿਰਫ ਸਥਾਨਕ ਸੁਰੱਖਿਆ ਪ੍ਰਬੰਧ ਸਨ ਅਤੇ ਕੋਈ ਅਧਿਕਾਰਤ ਪੁਲੀਸ ਜਾਂ ਸਰਕਾਰੀ ਬਲ ਮੌਜੂਦ ਨਹੀਂ ਸਨ। ਕੋਂਟਾਗੋਰਾ ਦੇ ਕੈਥੋਲਿਕ ਡਾਇਓਸੀਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਮਲੇ ਦੌਰਾਨ ਇੱਕ ਸੁਰੱਖਿਆ ਕਰਮਚਾਰੀ ਨੂੰ ਬੁਰੀ ਤਰ੍ਹਾਂ ਗੋਲੀ ਮਾਰੀ ਗਈ।
ਇਸ ਦੌਰਾਨ ਅਧਿਕਾਰੀਆਂ ਨੇ ਦੇਸ਼ ਦੇ 47 ਫੈਡਰਲ ਯੂਨਿਟੀ ਕਾਲਜਾਂ ਨੂੰ ਬੰਦ ਕਰ ਦਿੱਤਾ ਹੈ, ਜੋ ਜ਼ਿਆਦਾਤਰ ਸੰਘਰਸ਼ ਪ੍ਰਭਾਵਿਤ ਉੱਤਰੀ ਰਾਜਾਂ ਵਿੱਚ ਹਨ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਬੰਦੂਕਧਾਰੀਆਂ ਵੱਲੋ ਇੱਕ ਹਾਈ ਸਕੂਲ 'ਤੇ ਹਮਲਾ ਕਰਨ ਅਤੇ 25 ਸਕੂਲੀ ਕੁੜੀਆਂ ਨੂੰ ਅਗਵਾ ਕਰਨ ਦੇ ਬਾਅਦ ਵਾਪਰੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਕੁੜੀਆਂ ਵਿੱਚੋਂ ਇੱਕ ਬਾਅਦ ਵਿੱਚ ਬਚ ਨਿਕਲੀ ਅਤੇ ਸੁਰੱਖਿਅਤ ਹੈ। ਉਪ ਰਾਸ਼ਟਰਪਤੀ ਕਾਸ਼ਿਮ ਸ਼ੈਟੀਮਾ ਨੇ ਬੁੱਧਵਾਰ ਨੂੰ ਕੇਬੀ ਰਾਜ ਦੇ ਦੌਰੇ ਦੌਰਾਨ ਕਿਹਾ, "ਅਸੀਂ ਇਨ੍ਹਾਂ ਕੁੜੀਆਂ ਨੂੰ ਘਰ ਲਿਆਉਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਇਸ ਬੁਰਾਈ ਦੇ ਦੋਸ਼ੀਆਂ ਨੂੰ ਨਿਆਂ ਦਾ ਪੂਰਾ ਸਾਹਮਣਾ ਕਰਨਾ ਪਵੇ, ਰਾਜ ਦੇ ਹਰ ਸਾਧਨ ਦੀ ਵਰਤੋਂ ਕਰਾਂਗੇ।"
ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਦੂਕਧਾਰੀ ਜ਼ਿਆਦਾਤਰ ਸਾਬਕਾ ਚਰਵਾਹੇ ਹਨ ਜਿਨ੍ਹਾਂ ਨੇ ਘਟਦੇ ਸਰੋਤਾਂ ਕਾਰਨ ਕਿਸਾਨ ਭਾਈਚਾਰਿਆਂ ਨਾਲ ਝੜਪਾਂ ਤੋਂ ਬਾਅਦ ਹਥਿਆਰ ਚੁੱਕ ਲਏ ਹਨ। ਏਪੀ
