ਮਮਦਾਨੀ ਮੇਅਰ ਬਣਿਆ ਤਾਂ ਨਿਊ ਯਾਰਕ ਸ਼ਹਿਰ ‘ਆਰਥਿਕ ਤੇ ਸਮਾਜਿਕ ਪੱਖੋਂ ਤਬਾਹ’ ਹੋ ਜਾਵੇਗਾ: ਟਰੰਪ
ਚੋਣ ਦੀ ਪੂਰਬਲੀ ਸੰਧਿਆ ਅਮਰੀਕੀ ਸਦਰ ਨੇ ਸ਼ਹਿਰ ਵਾਸੀਆਂ ਨੂੰ ਫੰਡਾਂ ’ਚ ਕਟੌਤੀ ਦੀ ਦਿੱਤੀ ਧਮਕੀ; ਆਜ਼ਾਦ ਉਮੀਦਵਾਰ Andrew Cuomo ਦੀ ਕੀਤੀ ਹਮਾਇਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊ ਯਾਰਕ ਸਿਟੀ ਦੇ ਵੋਟਰਾਂ ਨੂੰ ਚੇਤਾਵੀ ਦਿੱਤੀ ਹੈ ਕਿ ਜੇਕਰ ਡੈਮੋਕਰੈਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਮੇਅਰ ਦੀ ਚੋਣ ਜਿੱਤਦਾ ਹੈ ਤਾਂ ਇਹ ਨਿਊ ਯਾਰਕ ਲਈ ‘ਮੁਕੰਮਲ ਆਰਥਿਕ ਤੇ ਸਮਾਜਿਕ ਤਬਾਹੀ ਹੋਵੇਗਾ’ ਤੇ ਸ਼ਹਿਰ ਦੀ ‘ਹੋਂਦ’ ਲਈ ਖ਼ਤਰਾ ਖੜ੍ਹਾ ਹੋ ਜਾਵੇਗਾ। ਟਰੰਪ ਵੱਲੋਂ ਮੇਅਰ ਦੀ ਚੋਣ ਲਈ ਅਧਿਕਾਰਤ ਤੌਰ ’ਤੇ ਸਾਬਕਾ ਗਵਰਨਰ ਐਂਡਰਿਊ ਕਿਊਮੋ (Andrew Cuomo) ਦੀ ਹਮਾਇਤ ਕੀਤੀ ਜਾ ਰਹੀ ਹੈ, ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ।
ਟਰੰਪ ਨੇ ਸੋਮਵਾਰ ਨੂੰ ਚੋਣ ਦੀ ਪੂਰਬਲੀ ਸੰਧਿਆ ਟਰੁੱਥ ਸੋਸ਼ਲ ’ਤੇ ਇਕ ਪੋਸਟ ਵਿਚ ਇਹ ਧਮਕੀ ਵੀ ਦਿੱਤੀ ਕਿ ਜੇਕਰ ਮਮਦਾਨੀ ਚੋਣ ਜਿੱਤਦਾ ਹੈ ਤੇ ਮੇਅਰ ਬਣਦਾ ਹੈ ਤਾਂ ਉਹ ਨਿਊ ਯਾਰਕ ਸ਼ਹਿਰ ਲਈ ਸਿਰਫ਼ ਘੱਟੋ ਘੱਟ ਲੋੜੀਂਦੇ ਫੰਡ ਹੀ ਭੇਜਣਗੇ।
ਟਰੰਪ ਨੇ ਟਰੁੱਥ ਸੋਸ਼ਲ ’ਤੇ ਕਿਹਾ, ‘‘ਜੇਕਰ ਕਮਿਊਨਿਸਟ ਉਮੀਦਵਾਰ ਜ਼ੋਹਰਾਨ ਮਮਦਾਨੀ ਨਿਊ ਯਾਰਕ ਸਿਟੀ ਦੇ ਮੇਅਰ ਲਈ ਚੋਣ ਜਿੱਤ ਜਾਂਦਾ ਹੈ, ਤਾਂ ਇਹ ਬੇਹੱਦ ਮੁਸ਼ਕਲ ਹੈ ਕਿ ਮੈਂ ਆਪਣੇ ਪਿਆਰੇ ਪਹਿਲੇ ਘਰ (ਨਿਊ ਯਾਰਕ) ਲਈ ਲੋੜ ਮੁਤਾਬਕ ਘੱਟੋ ਘੱਟ ਰਾਸ਼ੀ ਤੋਂ ਇਲਾਵਾ ਸੰਘੀ ਫੰਡਾਂ ਦਾ ਯੋਗਦਾਨ ਪਾਵਾਂ, ਕਿਉਂਕਿ ਇਕ ਕਮਿਊਨਿਸਟ ਹੋਣ ਦੇ ਨਾਤੇ... ਇਸ ਮਹਾਨ ਸ਼ਹਿਰ ਦੇ ਸਫ਼ਲ ਹੋਣ ਜਾਂ ਇਸ ਦੀ ਹੋਂਦ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ! ਇੱਕ ਕਮਿਊਨਿਸਟ ਦੇ ਸੱਤਾ ਵਿੱਚ ਹੋਣ ਨਾਲ ਇਹ ਹੋਰ ਵੀ ਬਦਤਰ ਹੋ ਸਕਦਾ ਹੈ, ਅਤੇ ਮੈਂ ਰਾਸ਼ਟਰਪਤੀ ਵਜੋਂ ਇੰਨਾ ਮਾੜਾ ਹੋਣ ਤੋਂ ਬਾਅਦ ਹੋਰ ਪੈਸਾ ਨਹੀਂ ਭੇਜਣਾ ਚਾਹੁੰਦਾ। ਦੇਸ਼ ਨੂੰ ਚਲਾਉਣਾ ਮੇਰਾ ਫਰਜ਼ ਹੈ, ਅਤੇ ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਜੇਕਰ ਮਾਮਦਾਨੀ ਜਿੱਤ ਜਾਂਦਾ ਹੈ ਤਾਂ ਨਿਊ ਯਾਰਕ ਸ਼ਹਿਰ ਆਰਥਿਕ ਅਤੇ ਸਮਾਜਿਕ ਰੂਪ ਵਿਚ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।’’
ਮੇਅਰ ਚੋਣਾਂ ਦੇ ਆਖਰੀ ਪੜਾਅ ਵਿਚ ਨਿਊ ਯਾਰਕ ਦੇ ਸਾਬਕਾ ਗਵਰਨਰ ਕਿਊਮੋ ਦੇ ਨਾਂ ਦੀ ਅਧਿਕਾਰਤ ਤੌਰ ’ਤੇ ਤਾਈਦ ਕਰਦਿਆਂ ਟਰੰਪ ਨੇ ਕਿਹਾ, ‘‘ਤੁਸੀਂ ਐਂਡਰਿਊ ਕਿਊਮੋ ਨੂੰ ਜ਼ਾਤੀ ਤੌਰ ’ਤੇ ਪਸੰਦ ਕਰਦੇ ਹੋ ਜਾਂ ਨਹੀਂ, ਪਰ ਤੁਹਾਡੇ ਕੋਲ ਸੱਚਮੁੱਚ ਕੋਈ ਬਦਲ ਨਹੀਂ ਹੈ। ਤੁਹਾਨੂੰ ਉਸ ਲਈ ਵੋਟ ਪਾਉਣੀ ਹੋਵੇਗੀ ਤੇ ਆਸ ਕਰਦੇ ਹਾਂ ਕਿ ਉਹ ਸ਼ਾਨਦਾਰ ਕੰਮ ਕਰੇਗਾ। ਉਹ ਇਸ ਦੇ ਸਮਰੱਥ ਹੈ, ਮਮਦਾਨੀ ਨਹੀਂ!’’
ਨਿਊ ਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਤੇ ਭਾਰਤੀ ਮੂਲ ਦੇ ਮਮਦਾਨੀ (34) ਦਾ ਜਨਮ ਯੁਗਾਂਡਾ ਵਿੱਚ ਹੋਇਆ ਤੇ ਪਰਵਰਿਸ਼ ਨਿਊਯਾਰਕ ਸ਼ਹਿਰ ਵਿੱਚ ਹੋਈ। ਉਹ ਡੈਮੋਕਰੈਟਿਕ ਪਾਰਟੀ ਵੱਲੋਂ ਮੇਅਰ ਦੀ ਚੋਣ ਲੜ ਰਿਹਾ ਹੈ। ਉਸ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਕਿਊਮੋ ਤੇ ਰਿਪਬਲਿਕਨ ਉਮੀਦਵਾਰ Curtis Sliwa ਨਾਲ ਹੈ। ਮੇਅਰ ਦੀ ਚੋਣ ਲਈ ਵੋਟਾਂ ਮੰਗਲਵਾਰ ਨੂੰ ਪੈਣਗੀਆਂ।

