ਨੇਤਨਯਾਹੂ ਨੇ ਬੰਦੀਆਂ ਦੀ ਰਿਹਾਈ ਦੀ ਹਰ ਉਮੀਦ ਖ਼ਤਮ ਕੀਤੀ: ਕਤਰ
ਕਤਰ ਦੇ ਪ੍ਰਧਾਨ ਮੰਤਰੀ ਸ਼ੇਖ਼ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਥਾਨੀ ਨੇ ਕਿਹਾ ਹੈ ਕਿ ਇਜ਼ਰਾਈਲ ਵੱਲੋਂ ਦੋਹਾ ’ਚ ਹਮਾਸ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਨਾਲ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ’ਚ ਬੰਦੀ ਬਣਾਏ ਲੋਕਾਂ ਦੀ ਰਿਹਾਈ ਦੀ ਹਰ ਉਮੀਦ ਖ਼ਤਮ ਕਰ ਦਿੱਤੀ ਹੈ। ਉਨ੍ਹਾਂ ਇਹ ਬਿਆਨ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ’ਚ ਸ਼ਾਮਲ ਹੋਣ ਤੋਂ ਪਹਿਲਾਂ ਦਿੱਤਾ। ਇਜ਼ਰਾਇਲੀ ਹਮਲੇ ਨੂੰ ਲੈ ਕੇ ਖਾੜੀ ਮੁਲਕਾਂ ਖਾਸ ਕਰਕੇ ਅਰਬ ਮੁਲਕਾਂ ’ਚ ਰੋਸ ਫੈਲ ਗਿਆ ਹੈ ਜਿਸ ’ਚ ਛੇ ਵਿਅਕਤੀ ਮਾਰੇ ਗਏ ਸਨ। ਸੀ ਐੱਨ ਐੱਨ ਨੂੰ ਦਿੱਤੀ ਇੰਟਰਵਿਊ ’ਚ ਸ਼ੇਖ਼ ਮੁਹੰਮਦ ਨੇ ਕਿਹਾ, ‘‘ਹਮਲੇ ਵਾਲੇ ਦਿਨ ਸਵੇਰੇ ਮੈਂ ਇਕ ਬੰਦੀ ਦੇ ਪਰਿਵਾਰ ਨਾਲ ਮਿਲਿਆ ਸੀ। ਉਹ ਗੋਲੀਬੰਦੀ ਅਤੇ ਵਿਚੋਲਗੀ ’ਤੇ ਪੂਰੀ ਤਰ੍ਹਾਂ ਨਿਰਭਰ ਸਨ। ਉਨ੍ਹਾਂ ਕੋਲ ਕੋਈ ਹੋਰ ਆਸ ਨਹੀਂ ਸੀ ਪਰ ਮੈਨੂੰ ਜਾਪਦਾ ਹੈ ਕਿ ਨੇਤਨਯਾਹੂ ਨੇ ਜੋ ਕੀਤਾ, ਉਸ ਨਾਲ ਉਨ੍ਹਾਂ ਬੰਦੀਆਂ ਦੀ ਰਿਹਾਈ ਦੀ ਹਰ ਉਮੀਦ ਖ਼ਤਮ ਹੋ ਗਈ ਹੈ।’’ ਕਤਰ ਅਤੇ ਮਿਸਰ, ਗਾਜ਼ਾ ’ਚ ਗੋਲੀਬੰਦੀ ਲਈ ਵਿਚੋਲਗੀ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਗਾਜ਼ਾ ਜੰਗ ਨੂੰ ਖ਼ਤਮ ਕਰਨ ਅਤੇ ਹਮਾਸ ਵੱਲੋਂ ਬੰਦੀ ਬਣਾਏ ਗਏ 48 ਵਿਅਕਤੀਆਂ ਨੂੰ ਛੁਡਾਉਣ ਲਈ ਗੱਲਬਾਤ ਜਾਰੀ ਸੀ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਕਰੀਬ 20 ਬੰਦੀ ਹਾਲੇ ਜਿਊਂਦੇ ਹਨ।
ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵੱਲੋਂ ਕਤਰ ਦਾ ਦੌਰਾ
ਇਸਲਾਮਾਬਾਦ: ਇਜ਼ਰਾਈਲ ਵੱਲੋਂ ਕੀਤੇ ਗਏ ਹਾਲੀਆ ਹਮਲਿਆਂ ਮਗਰੋਂ ਖਾੜੀ ਮੁਲਕ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਕਤਰ ਦੇ ਦੌਰੇ ’ਤੇ ਹਨ। ਪਾਕਿ ਪ੍ਰਧਾਨ ਮੰਤਰੀ ਨੇ ਮੁਸਲਿਮ ਮੁਲਕਾਂ ਨੂੰ ਇਜ਼ਰਾਇਲ ਖਿ਼ਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ। ਸ਼ਰੀਫ਼ ਵੱਲੋਂ ਕਤਰ ਦੇ ਸ਼ਾਸਕ ਸ਼ੇਖ਼ ਤਮੀਮ ਬਿਨ ਹਮਦ ਅਲ ਥਾਨੀ ਨਾਲ ਮੁਲਾਕਾਤ ਕੀਤੀ ਜਾਵੇਗੀ। ਪਾਕਿਸਤਾਨ ਦੇ ਕਤਰ ਨਾਲ ਨੇੜਲੇ ਸਬੰਧ ਹਨ ਅਤੇ ਉਸ ਨੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦੀ ਪਹਿਲਾਂ ਹੀ ਨਿਖੇਧੀ ਕੀਤੀ ਹੈ। -ਪੀਟੀਆਈ