ਨੇਪਾਲ ਹਿੰਸਾ; GEN-Z ਅੰਦੋਲਨ ਵਿੱਚ 25 ਲੋਕਾਂ ਦੀ ਮੌਤ; 600 ਤੋਂ ਵੱਧ ਜ਼ਖਮੀ
ਨੇਪਾਲ ਵਿੱਚ ਪਿਛਲੇ ਦੋ ਦਿਨਾਂ ਵਿੱਚ GEN-Z ਸਮੂਹ ਦੀ ਅਗਵਾਈ ਵਿੱਚ ਹੋਏ ਹਿੰਸਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਤਿੰਨ ਪੁਲੀਸ ਮੁਲਾਜ਼ਮਾਂ ਸਮੇਤ ਹੁਣ ਤੱਕ 25 ਦੀ ਮੌਤ ਹੋ ਗਈ ਹੈ।ਇਸ ਹਿੰਸਕ ਪ੍ਰਦਰਸ਼ਨ ਦੌਰਾਨ 600 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।
ਉੱਧਰ ਨੇਪਾਲੀ ਫੌਜ ਨੇ ਬੁੱਧਵਾਰ ਨੂੰ ਸਵੇਰ ਤੋਂ ਸ਼ਾਮ 5 ਵਜੇ ਤੱਕ ਦੇਸ਼ ਵਿਆਪੀ ਪਾਬੰਦੀਆਂ ਲਾਗੂ ਕੀਤੀਆਂ ਹਨ। ਜਿਸ ਵਿਚ ਅਗਲੇ ਦਿਨ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਹੈ, ਤਾਂ ਜੋ ਪ੍ਰਦਰਸ਼ਨ ਦੇ ਨਾਮ ’ਤੇ ਹੋਣ ਵਾਲੀ ਕਿਸੇ ਵੀ ਸੰਭਾਵਿਤ ਹਿੰਸਾ ਨੂੰ ਰੋਕਿਆ ਜਾ ਸਕੇ।
ਇੱਕ ਬਿਆਨ ਵਿੱਚ ਫੌਜ ਨੇ ਚੇਤਾਵਨੀ ਦਿੱਤੀ ਕਿ ਇਸ ਸਮੇਂ ਦੌਰਾਨ ਵਿਅਕਤੀਆਂ ਅਤੇ ਜਾਇਦਾਦ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ, ਭੰਨਤੋੜ, ਅੱਗਜ਼ਨੀ ਜਾਂ ਹਮਲਿਆਂ ਨੂੰ ਅਪਰਾਧਿਕ ਗਤੀਵਿਧੀ ਮੰਨਿਆ ਜਾਵੇਗਾ ਅਤੇ ਉਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਫੌਜ ਨੇ ਕਿਹਾ ਕਿ ਇਹ ਉਪਾਅ ਅੰਦੋਲਨ ਦੇ ਨਾਮ ’ਤੇ ਲੁੱਟ-ਖਸੁੱਟ, ਅੱਗਜ਼ਨੀ ਅਤੇ ਹੋਰ ਵਿਨਾਸ਼ਕਾਰੀ ਗਤੀਵਿਧੀਆਂ ਦੀਆਂ ਸੰਭਾਵਿਤ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਸਨ। ਬਿਆਨ ਵਿੱਚ ਕਿਹਾ ਗਿਆ ਹੈ, ‘‘ਵਿਅਕਤੀਆਂ ਵਿਰੁੱਧ ਬਲਾਤਕਾਰ ਅਤੇ ਹਿੰਸਕ ਹਮਲਿਆਂ ਦੇ ਵੀ ਸੰਭਾਵਿਤ ਖਤਰੇ ਹਨ। ਦੇਸ਼ ਦੀ ਸੁਰੱਖਿਆ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪਾਬੰਦੀਆਂ ਅਤੇ ਕਰਫਿਊ ਲਾਗੂ ਕੀਤੇ ਗਏ ਹਨ।’’
ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਐਂਬੂਲੈਂਸ, ਫਾਇਰ ਇੰਜਣ, ਸਿਹਤ ਕਰਮਚਾਰੀਆਂ ਅਤੇ ਸੁਰੱਖਿਆ ਬਲਾਂ ਸਮੇਤ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਵਾਹਨਾਂ ਅਤੇ ਕਰਮਚਾਰੀਆਂ ਨੂੰ ਪਾਬੰਦੀਆਂ ਅਤੇ ਕਰਫਿਊ ਦੌਰਾਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਮੰਗਲਵਾਰ ਨੂੰ ਹੀ ਅਸਤੀਫਾ ਦੇ ਦਿੱਤਾ ਸੀ, ਜਦੋਂ ਸੈਂਕੜੇ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਦਫ਼ਤਰ ਵਿੱਚ ਦਾਖਲ ਹੋਏ ਸਨ ਅਤੇ ਭ੍ਰਿਸ਼ਟਾਚਾਰ ਅਤੇ ਸਰਕਾਰ ਦੁਆਰਾ ਸੋਸ਼ਲ ਮੀਡੀਆ ’ਤੇ ਪਾਬੰਦੀ ਦੇ ਵਿਰੋਧ ਵਿੱਚ ਜਨਰਲ ਜ਼ੈੱਡ ਦੁਆਰਾ ਕੀਤੇ ਗਏ ਸੋਮਵਾਰ ਦੇ ਪ੍ਰਦਰਸ਼ਨਾਂ ਦੌਰਾਨ ਪੁਲੀਸ ਕਾਰਵਾਈ ਵਿੱਚ ਘੱਟੋ-ਘੱਟ 25 ਲੋਕਾਂ ਦੀ ਮੌਤ ਨੂੰ ਲੈ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਸੋਸ਼ਲ ਮੀਡੀਆ 'ਤੇ ਪਾਬੰਦੀ ਸੋਮਵਾਰ ਰਾਤ ਨੂੰ ਹਟਾ ਦਿੱਤੀ ਗਈ ਸੀ।
ਹਾਲਾਂਕਿ, ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਵੀ ਅੰਦੋਲਨ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਸੰਸਦ, ਰਾਸ਼ਟਰਪਤੀ ਦਫ਼ਤਰ, ਪ੍ਰਧਾਨ ਮੰਤਰੀ ਨਿਵਾਸ, ਸਰਕਾਰੀ ਇਮਾਰਤਾਂ, ਸਿਆਸੀ ਪਾਰਟੀਆਂ ਦੇ ਦਫ਼ਤਰਾਂ ਅਤੇ ਸੀਨੀਅਰ ਨੇਤਾਵਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਸੀ।