ਨੇਪਾਲ: Gen-Z ਦੇ ਪ੍ਰਦਰਸ਼ਨਾਂ ਦੌਰਾਨ ਮ੍ਰਿਤਕਾਂ ਦੀ ਗਿਣਤੀ 31 ਹੋਈ, ਅੰਤਰਿਮ ਸਰਕਾਰ ਲਈ ਗੱਲਬਾਤ ਜਾਰੀ
ਕਾਠਮੰਡੂ ਘਾਟੀ ਵਿੱਚ ਚੱਲ ਰਹੇ Gen Z ਦੇ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਇਹ ਜਾਣਕਾਰੀ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਹੈ, ਜਿੱਥੇ ਪੋਸਟਮਾਰਟਮ ਲਈ ਲਾਸ਼ਾਂ ਲਿਆਂਦੀਆਂ ਗਈਆਂ ਹਨ।
ਦ ਕਾਠਮੰਡੂ ਪੋਸਟ ਦੀ ਬੁੱਧਵਾਰ ਦੀ ਰਿਪੋਰਟ ਅਨੁਸਾਰ ਹੁਣ ਤੱਕ 25 ਪੀੜਤਾਂ ਦੀ ਪਛਾਣ ਦੀ ਮੁੱਢਲੀ ਪੁਸ਼ਟੀ ਹੋ ਚੁੱਕੀ ਹੈ। ਬਾਕੀ ਛੇ ਵਿਅਕਤੀਆਂ ਜਿਨ੍ਹਾਂ ਵਿੱਚ ਪੰਜ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ, ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਇਸ ਤੋਂ ਇਲਾਵਾ, ਇਸ ਖੇਤਰ ਵਿੱਚ ਪ੍ਰਦਰਸ਼ਨਾਂ ਦੌਰਾਨ 1000 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਇਸ ਦੌਰਾਨ ਦ ਕਾਠਮੰਡੂ ਪੋਸਟ ਦੀ ਰਿਪੋਰਟ ਅਨੁਸਾਰ ਸਾਬਕਾ ਨੇਪਾਲੀ ਪ੍ਰਧਾਨ ਮੰਤਰੀ ਖਨਾਲ ਦੀ ਪਤਨੀ ਦੀ ਹਾਲਤ ਇਸ ਸਮੇਂ ਗੰਭੀਰ ਹੈ। ਇਹ ਹਾਲਤ ਦੇਸ਼ ਭਰ ਵਿੱਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੋਏ ਇੱਕ ਅੱਗਜ਼ਨੀ ਹਮਲੇ ਕਾਰਨ ਹੋਈ ਹੈ। ਹਲਾਂਕਿ ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ।
ਅੰਤਰਿਮ ਸਰਕਾਰ ਦੀ ਅਗਵਾਈ ਬਾਰੇ ਗੱਲਬਾਤ ਜਾਰੀ
ਨੇਪਾਲ ਵਿੱਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇੱਕ ਨਵੀਂ ਅੰਤਰਿਮ ਸਰਕਾਰ ਦੀ ਅਗਵਾਈ ਬਾਰੇ ਗੱਲਬਾਤ ਜਾਰੀ ਹੈ। ਰਾਇਟਰਜ਼ ਨਾਲ ਗੱਲ ਕਰਦਿਆਂ ਬੁਲਾਰੇ ਰਾਜਾ ਰਾਮ ਬਸਨੇਟ ਨੇ ਕਿਹਾ, ‘‘ਸ਼ੁਰੂਆਤੀ ਗੱਲਬਾਤ ਚੱਲ ਰਹੀ ਹੈ ਅਤੇ ਅੱਜ ਵੀ ਜਾਰੀ ਰਹੇਗੀ। ਅਸੀਂ ਹੌਲੀ-ਹੌਲੀ ਸਥਿਤੀ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’’
ਪ੍ਰਦਰਸ਼ਨਕਾਰੀਆਂ ਨੇ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਰਕੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਕੀਤੀ ਹੈ। ਕਾਰਕੀ ਨੇ ਭਾਰਤੀ ਨਿਊਜ਼ ਚੈਨਲ ਸੀਐਨਐਨ-ਨਿਊਜ਼18 ਨੂੰ ਦੱਸਿਆ, ‘‘ਜਦੋਂ ਉਨ੍ਹਾਂ ਨੇ ਮੈਨੂੰ ਬੇਨਤੀ ਕੀਤੀ, ਤਾਂ ਮੈਂ ਸਵੀਕਾਰ ਕਰ ਲਿਆ।’’
ਇਹ ਵੀ ਪੜ੍ਹੋ:
ਨੇਪਾਲ: ਕੈਦੀਆਂ ਨੂੰ ਭੱਜਣ ਤੋਂ ਰੋਕਣ ਗੋਲੀਬਾਰੀ, 12 ਜ਼ਖਮੀ
Video: ਨੇਪਾਲ ਦੇ ਮੰਤਰੀ, ਸਿਖਰਲੇ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰ ਹੈਲੀਕਾਪਟਰ ਦੀ ਰੱਸੀ ਫੜ ਭੱਜੇ