ਨੇਪਾਲ ਵੱਲੋਂ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ’ਤੇ ਪਾਬੰਦੀ
Nepal bans Facebook, Instagram, YouTube, other social media platformsਨੇਪਾਲ ਨੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਰਜਿਸਟਰਡ ਨਾ ਹੋਣ ’ਤੇ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਮੰਤਰਾਲੇ ਵੱਲੋਂ ਜਾਰੀ ਨੋਟਿਸ ਅਨੁਸਾਰ ਸੋਸ਼ਲ ਮੀਡੀਆ ਕੰਪਨੀਆਂ ਨੂੰ 28 ਅਗਸਤ ਨੂੰ ਰਜਿਸਟਰ ਕਰਨ ਲਈ ਸੱਤ ਦਿਨ ਦਿੱਤੇ ਗਏ ਸਨ ਜਿਸ ਦੀ ਮੋਹਲਤ ਖਤਮ ਹੋ ਗਈ ਹੈ। ਇਸ ਦੇ ਬਾਵਜੂਦ ਇਨ੍ਹਾਂ ਕੰਪਨੀਆਂ ਨੇ ਆਪਣੇ ਆਪ ਨੂੰ ਰਜਿਸਟਰਡ ਨਾ ਕੀਤਾ। ਇਨ੍ਹਾਂ ਵਿੱਚ ਮੇਟਾ (ਫੇਸਬੁੱਕ, ਇੰਸਟਾਗ੍ਰਾਮ, ਵਟਸਐਪ), ਅਲਫਾਬੇਟ (ਯੂਟਿਊਬ), ਐਕਸ (ਪਹਿਲਾਂ ਟਵਿੱਟਰ), ਰੈੱਡਿਟ ਅਤੇ ਲਿੰਕਡਇਨ ਸ਼ਾਮਲ ਹਨ। ਇਨ੍ਹਾਂ ਨੇ ਰਜਿਸਟਰਡ ਕਰਵਾਉਣ ਲਈ ਅਰਜ਼ੀਆਂ ਜਮ੍ਹਾਂ ਨਹੀਂ ਕਰਵਾਈਆਂ। ਹਾਲਾਂਕਿ, TikTok, Viber, Witk, Nimbuzz, ਅਤੇ Popo Live ਨੂੰ ਸੂਚੀਬੱਧ ਕੀਤਾ ਗਿਆ ਹੈ, ਜਦੋਂ ਕਿ ਟੈਲੀਗ੍ਰਾਮ ਅਤੇ ਗਲੋਬਲ ਡਾਇਰੀ ਨੇ ਅਰਜ਼ੀ ਦਿੱਤੀ ਹੈ ਅਤੇ ਇਹ ਪ੍ਰਵਾਨਗੀ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੈ। ਦੂਜੇ ਪਾਸੇ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਨੇ ਹਾਲੇ ਤੱਕ ਨੇਪਾਲ ਸਰਕਾਰ ਦੇ ਇਸ ਫੈਸਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ।
ਮੰਤਰਾਲੇ ਦੇ ਸੂਤਰਾਂ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਸੰਚਾਰ ਅਤੇ ਆਈਟੀ ਮੰਤਰੀ ਪ੍ਰਿਥਵੀ ਸੁੱਬਾ ਗੁਰੰਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਮੰਤਰਾਲੇ ਨੇ ਨੇਪਾਲ ਦੂਰਸੰਚਾਰ ਅਥਾਰਟੀ ਨੂੰ ਗੈਰ-ਰਜਿਸਟਰਡ ਸੋਸ਼ਲ ਸਾਈਟਾਂ ਨੂੰ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਹ ਪਾਬੰਦੀ ਵੀਰਵਾਰ ਅੱਧੀ ਰਾਤ ਤੋਂ ਲਾਗੂ ਹੋਵੇਗੀ।