ਨੇਪਾਲ: 3 ਨਵੇਂ ਬਣੇ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ
ਨੇਪਾਲ ਦੀ ਕਾਰਜਕਾਰੀ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਵੱਲੋਂ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤੇ ਗਏ ਤਿੰਨ ਮੰਤਰੀ ਅੱਜ ਨੂੰ ਸਹੁੰ ਚੁੱਕਣਗੇ। ਹਿਮਾਲੀ ਰਾਸ਼ਟਰ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕਾਰਕੀ (73) ਨੇ ਐਤਵਾਰ ਨੂੰ ਅਹੁਦਾ ਸੰਭਾਲਿਆ ਸੀ।
ਬਾਅਦ ਵਿੱਚ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਕਾਰਕੀ ਦੀ ਸਿਫ਼ਾਰਸ਼ ’ਤੇ ਨੇਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਕੁਲਮਾਨ ਘਿਸਿੰਗ, ਸਾਬਕਾ ਵਿੱਤ ਮੰਤਰੀ ਰਮੇਸ਼ਵਰ ਖਨਾਲ ਅਤੇ ਕਾਠਮੰਡੂ ਦੇ ਮੇਅਰ ਬਾਲੇਂਦਰ ਸ਼ਾਹ ਦੇ ਵਕੀਲ ਤੇ ਸਲਾਹਕਾਰ ਓਮ ਪ੍ਰਕਾਸ਼ ਆਰੀਅਲ ਨੂੰ ਮੰਤਰੀ ਨਿਯੁਕਤ ਕੀਤਾ।
ਰਾਸ਼ਟਰਪਤੀ ਦਫ਼ਤਰ ਨਾਲ ਜੁੜੇ ਸੂਤਰਾਂ ਅਨੁਸਾਰ ਨਵੇਂ ਨਿਯੁਕਤ ਮੰਤਰੀ ਕਾਠਮੰਡੂ ਦੇ ਮਹਾਰਾਜਗੰਜ ਖੇਤਰ ਵਿੱਚ ਸਥਿਤ ਰਾਸ਼ਟਰਪਤੀ ਦਫ਼ਤਰ ਸ਼ੀਤਲ ਨਿਵਾਸ ਵਿਖੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣਗੇ।
ਘਿਸਿੰਗ ਊਰਜਾ, ਜਲ ਸਰੋਤ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੀ ਅਗਵਾਈ ਕਰਨਗੇ ਅਤੇ ਖਨਾਲ ਨੂੰ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਆਰੀਅਲ ਨੂੰ ਕਾਨੂੰਨ ਅਤੇ ਗ੍ਰਹਿ ਮਾਮਲਿਆਂ ਦਾ ਵਿਭਾਗ ਦਿੱਤਾ ਗਿਆ ਹੈ।
ਸਾਬਕਾ ਚੀਫ਼ ਜਸਟਿਸ ਕਾਰਕੀ ਨੂੰ ਅੰਦੋਲਨਕਾਰੀ 'ਜਨਰਲ ਜ਼ੈੱਡ' ਸਮੂਹ ਦੀ ਸਿਫ਼ਾਰਸ਼ 'ਤੇ ਕਾਰਜਕਾਰੀ ਸਰਕਾਰ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ, ਜਿਸ ਨੂੰ 5 ਮਾਰਚ, 2026 ਨੂੰ ਨਵੀਆਂ ਚੋਣਾਂ ਕਰਵਾਉਣ ਦਾ ਫਤਵਾ ਦਿੱਤਾ ਗਿਆ ਹੈ।
ਕਾਰਕੀ ਵੱਲੋਂ 12 ਸਤੰਬਰ ਨੂੰ ਸਹੁੰ ਚੁੱਕੇ ਜਾਣ ਤੋਂ ਬਾਅਦ ਕੇਪੀ ਸ਼ਰਮਾ ਓਲੀ ਦੇ ਅਚਾਨਕ ਅਸਤੀਫ਼ੇ ਤੋਂ ਉਪਰੰਤ ਪੈਦਾ ਹੋਈ ਰਾਜਨੀਤਿਕ ਅਨਿਸ਼ਚਿਤਤਾ ਦੇ ਸਮੇਂ ਦਾ ਅੰਤ ਹੋ ਗਿਆ ਸੀ। -ਪੀਟੀਆਈ