ਨੇਪਾਲ: ਲਗਾਤਾਰ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ 51 ਮੌਤਾਂ
ਪੂਰਬੀ ਨੇਪਾਲ ਦੇ ਕੋਸ਼ੀ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ ਘੱਟੋ ਘੱਟ 51 ਵਿਅਕਤੀਆਂ ਦੀ ਮੌਤ ਹੋ ਗਈ। ਕੋਸੀ ਸੂਬੇ ਦੇ ਇਲਾਮ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਢਿੱਗਾਂ ਖਿਸਕਣ ਕਾਰਨ 37 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਆਰਮਡ ਪੁਲੀਸ ਫੋਰਸ (APF) ਦੇ ਬੁਲਾਰੇ ਕਾਲੀਦਾਸ ਧੌਬਾਜੀ ਨੇ ਦਿੱਤੀ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (NDRRMA) ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ 37 ਵਿੱਚੋਂ ਅੱਠ-ਅੱਠ ਵਿਅਕਤੀ ਦਿਉਮਾਈ ਅਤੇ ਮਾਈਜੋਗਮਾਈ ਨਗਰ ਪਾਲਿਕਾਵਾਂ ਵਿੱਚ, ਛੇ-ਛੇ ਵਿਅਕਤੀ ਇਲਾਮ ਨਗਰ ਪਾਲਿਕਾ ਅਤੇ ਸੰਦਕਪੁਰ ਪੇਂਡੂ ਨਗਰ ਪਾਲਿਕਾ ਵਿੱਚ, ਪੰਜ ਸੂਰਜੋਦਿਆ ਨਗਰ ਪਾਲਿਕਾ ਵਿੱਚ, ਤਿੰਨ ਮੰਗਸੇਬੁੰਗ ਅਤੇ ਇੱਕ ਫਕਫੋਕਥੁਮ ਪਿੰਡ ਵਿੱਚ ਮਾਰੇ ਗਏ ਹਨ।
ਹੜ੍ਹਾਂ ਅਤੇ ਢਿੱਗਾਂ ਖਿਸਕਣ ਕਾਰਨ ਉਦੈਪੁਰ ਵਿੱਚ ਦੋ ਅਤੇ ਪੰਚਥਾਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਰੌਤਹਟ ਜ਼ਿਲ੍ਹੇ ਵਿੱਚ ਬਿਜਲੀ ਡਿੱਗਣ ਕਾਰਨ ਤਿੰਨ ਅਤੇ ਖੋਟਾਂਗ ਜ਼ਿਲ੍ਹੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ, ਭਾਰੀ ਮੀਂਹ ਕਾਰਨ ਪੰਚਥਾਰ ਜ਼ਿਲ੍ਹੇ ਵਿੱਚ ਵਾਪਰੇ ਹਾਦਸੇ ਵਿੱਚ ਛੇ ਵਿਅਕਤੀ ਹਲਾਕ ਹੋ ਗਏ। ਰਸੂਵਾ ਜ਼ਿਲ੍ਹੇ ਦੇ ਲੈਂਗਟਾਂਗ ਕੰਜ਼ਰਵੇਸ਼ਨ ਏਰੀਆ ਵਿੱਚ ਦਰਿਆ ਵਿੱਚ ਰੁੜ੍ਹਣ ਕਾਰਨ ਘੱਟੋ-ਘੱਟ ਚਾਰ ਵਿਅਕਤੀ ਲਾਪਤਾ ਹੋ ਗਏ ਹਨ ਅਤੇ ਇਲਾਮ, ਬਾਰਾ ਅਤੇ ਕਾਠਮੰਡੂ ਵਿੱਚ ਹੜ੍ਹਾਂ ਦੀਆਂ ਘਟਨਾਵਾਂ ਵਿੱਚ ਇੱਕ-ਇੱਕ ਵਿਅਕਤੀ ਲਾਪਤਾ ਹੈ। ਧੌਬਾਜੀ ਨੇ ਦੱਸਿਆ ਕਿ ਲੈਂਗਟਾਂਗ ਖੇਤਰ ਵਿੱਚ ਟ੍ਰੈਕਿੰਗ ’ਤੇ ਗਏ 16 ਲੋਕਾਂ ਵਿੱਚੋਂ ਚਾਰ ਵੀ ਲਾਪਤਾ ਹਨ। ਬਚਾਅ ਕਾਰਜਾਂ ਵਿੱਚ ਨੇਪਾਲ ਆਰਮੀ, ਨੇਪਾਲ ਪੁਲੀਸ ਅਤੇ ਏ ਪੀ ਐੱਫ ਦੇ ਜਵਾਨ ਸ਼ਾਮਲ ਹਨ। ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਬਚਾਅ ਕਾਰਜਾਂ ਲਈ ਤਾਇਨਾਤ ਨੇਪਾਲ ਫੌਜ ਨੇ ਇੱਕ ਹੈਲੀਕਾਪਟਰ ਦੀ ਮਦਦ ਨਾਲ ਇੱਕ ਗਰਭਵਤੀ ਔਰਤ ਸਮੇਤ ਦੋ ਜ਼ਖਮੀਆਂ ਨੂੰ ਘਟਨਾ ਵਾਲੀ ਥਾਂ ਤੋਂ ਬਾਹਰ ਕੱਢਿਆ। ਉਨ੍ਹਾਂ ਨੂੰ ਇਲਾਜ ਲਈ ਧਾਰਨ ਨਗਰਪਾਲਿਕਾ ਭੇਜਿਆ ਗਿਆ ਹੈ। ਉਂਝ ਖਰਾਬ ਮੌਸਮ ਕਾਰਨ ਬਚਾਅ ਕਾਰਜ ਅਸਰ ਅੰਦਾਜ਼ ਹੋਏ।
ਨੇਪਾਲ ਦੇ ਸੱਤ ਸੂਬਿਆਂ ਵਿੱਚੋਂ ਪੰਜ ਵਿੱਚ ਮੌਨਸੂਨ ਸਰਗਰਮ ਹੈ, ਜਿਨ੍ਹਾਂ ਵਿੱਚ ਕੋਸ਼ੀ, ਮਧੇਸ, ਬਾਗਮਤੀ, ਗੰਡਕੀ ਅਤੇ ਲੁੰਬਿਨੀ ਸ਼ਾਮਲ ਸਨ। ਸ਼ਨਿੱਚਰਵਾਰ ਨੂੰ ਨੇਪਾਲੀ ਅਧਿਕਾਰੀਆਂ ਨੇ ਲਗਾਤਾਰ ਪੈ ਰਹੇ ਮੀਂਹ ਅਤੇ ਅਗਲੇ ਤਿੰਨ ਦਿਨਾਂ ਲਈ ਜ਼ਮੀਨ ਖਿਸਕਣ ਦੀ ਸੰਭਾਵਨਾ ਕਾਰਨ ਕਾਠਮੰਡੂ ਤੋਂ ਵਾਹਨਾਂ ਦੇ ਦਾਖਲੇ ਅਤੇ ਬਾਹਰ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ।
ਅਧਿਕਾਰੀਆਂ ਨੇ ਲੋਕਾਂ ਨੂੰ ਅਗਲੇ ਤਿੰਨ ਦਿਨਾਂ ਲਈ ਲੰਬੇ ਰੂਟਾਂ ’ਤੇ ਵਾਹਨ ਨਾ ਚਲਾਉਣ ਦੀ ਸਲਾਹ ਦਿੱਤੀ ਹੈ। ਇਸੇ ਤਰ੍ਹਾਂ ਬਾਗਮਤੀ ਅਤੇ ਪੂਰਬੀ ਰਾਪਤੀ ਨਦੀਆਂ ਦੇ ਆਲੇ ਦੁਆਲੇ ਖੇਤਰਾਂ ਲਈ ਲਾਲ ਚੇਤਾਵਨੀ ਜਾਰੀ ਕੀਤੀ ਗਈ ਸੀ। ਇਸ ਦੌਰਾਨ ਖਰਾਬ ਮੌਸਮ ਕਰਕੇ ਨੇਪਾਲ ਦੇ ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ’ਤੇ ਘਰੇਲੂ ਉਡਾਣਾਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ।