Nagpur violence: ਨਾਗਪੁਰ ਵਿੱਚ ਮੁਸਲਿਮ ਤੇ ਹਿੰਦੂ ਭਾਈਚਾਰੇ ਦਰਮਿਆਨ ਤਕਰਾਰ
ਨਾਗਪੁਰ, 17 ਮਾਰਚ
Police clash with protesters in Nagpur amid rumours of burning of holy book; four injured: ਇੱਥੇ ਅੱਜ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਔਰੰਗਜ਼ੇਬ ਦੀ ਕਬਰ ਦੇ ਵਿਵਾਦ ਦੇ ਚਲਦਿਆਂ ਦੋ ਫਿਰਕਿਆਂ ਵਿਚ ਹਿੰਸਾ ਭੜਕ ਗਈ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਪਵਿੱਤਰ ਗ੍ਰੰਥ ਨੂੰ ਸਾੜਨ ਦੀਆਂ ਅਫਵਾਹਾਂ ਕਾਰਨ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਪਥਰਾਅ ਕੀਤਾ ਜਿਸ ਤੋਂ ਬਾਅਦ ਪੁਲੀਸ ਨੇ ਅੱਥਰੂ ਗੈਸ ਛੱਡੀ। ਇਸ ਦੌਰਾਨ ਚਾਰ ਜਣੇ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਪੁਲੀਸ ਨੇ ਚਿਤਨੀਸ ਪਾਰਕ ਅਤੇ ਮਹਿਲ ਖੇਤਰਾਂ ਵਿੱਚ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਚਿਤਨੀਸ ਪਾਰਕ ਤੋਂ ਸ਼ੁਕਰਾਵਰੀ ਤਲਾਓ ਰੋਡ ਖੇਤਰ ਹਿੰਸਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਇਹ ਵਿਵਾਦ ਸ਼ਾਮ ਵੇਲੇ ਬਜਰੰਗ ਦਲ ਦੇ ਮੈਂਬਰਾਂ ਵੱਲੋਂ ਮਹਿਲ ਖੇਤਰ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ ਨੇੜੇ ਪ੍ਰਦਰਸ਼ਨ ਕਰਨ ਤੋਂ ਥੋੜ੍ਹੀ ਦੇਰ ਬਾਅਦ ਸ਼ੁਰੂ ਹੋਇਆ। ਪੁਲੀਸ ਅਨੁਸਾਰ ਇਹ ਅਫਵਾਹਾਂ ਫੈਲੀਆਂ ਕਿ ਅੰਦੋਲਨ ਦੌਰਾਨ ਕੁਰਾਨ ਨੂੰ ਸਾੜਿਆ ਗਿਆ ਸੀ। ਬਜਰੰਗ ਦਲ ਦੇ ਪ੍ਰਦਰਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈਆਂ, ਜਿਸ ਕਾਰਨ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਵਿੱਚ ਰੋਸ ਫੈਲ ਗਿਆ। ਉਨ੍ਹਾਂ ਗਣੇਸ਼ਪਠ ਪੁਲੀਸ ਸਟੇਸ਼ਨ ਵਿੱਚ ਪਵਿੱਤਰ ਗ੍ਰੰਥ ਨੂੰ ਸਾੜਨ ਦੇ ਦੋਸ਼ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਮਹਿਲ, ਕੋਤਵਾਲੀ, ਗਣੇਸ਼ਪਠ ਅਤੇ ਚਿਤਨਵੀਸ ਪਾਰਕ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਮੈਂਬਰ ਇਕੱਠੇ ਹੋਏ ਤੇ ਰੋਸ ਪ੍ਰਦਰਸ਼ਨ ਕੀਤਾ।