ਮੇਰੇ ਪਰਿਵਾਰ ਨੇ ਵੀ ਨਿੱਜੀ ਕੀਮਤ ਤਾਰੀ, ਇਰਾਨ ਜੰਗ ਕਰਕੇ ਪੁੱਤ ਦਾ ਵਿਆਹ ਦੂਜੀ ਵਾਰ ਅੱਗੇ ਪਿਆ: ਨੇਤਨਯਾਹੂ
ਆਲੋਚਕਾਂ ਦੇ ਨਿਸ਼ਾਨੇ ’ਤੇ ਆਏ ਇਜ਼ਰਾਇਲੀ ਪ੍ਰਧਾਨ ਮੰਤਰੀ; ਸੰਸਦ ਮੈਂਬਰ ਗਿਲਾਡ ਕਰੀਵ ਨੇ ਨੇਤਨਯਾਹੂ ਨੂੰ ‘Narcissist without boundaries’ ਦੱਸਿਆ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 20 ਜੂਨ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਵਾਦਿਤ ਬਿਆਨ ਕਰਕੇ ਮੁੜ ਸੁਰਖੀਆਂ ਵਿਚ ਹਨ। ਇਸ ਦੀ ਵਜ੍ਹਾ ਉਨ੍ਹਾਂ ਦਾ ਉਹ ਬਿਆਨ ਹੈ, ਜਿਸ ਨੇ ਜੰਗ ਦੀ ਪੀੜ ਨੂੰ ਲੈ ਕੇ ਪੂਰੇ ਦੇਸ਼ ਵਿਚ ਗੁੱਸਾ ਭਰ ਦਿੱਤਾ ਹੈ। ਦਰਅਸਲ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੂੰ ਇਰਾਨ ਨਾਲ ਜਾਰੀ ਮੌਜੂਦਾ ਜੰਗ ਕਰਕੇ ਆਪਣੇ ਪੁੱਤਰ ਐਵਨਰ ਦਾ ਵਿਆਹ ਦੂਜੀ ਵਾਰ ਮੁਲਤਵੀ ਕਰਨਾ ਪਿਆ ਹੈ। ਉਨ੍ਹਾਂ ਇਸ ਨੂੰ ਪਰਿਵਾਰ ਲਈ ‘ਨਿੱਜੀ ਕੀਮਤ’ ਦੱਸਿਆ। ਉਧਰ ਨੇਤਨਯਾਹੂ ਦੀ ਇਸ ਟਿੱਪਣੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ।
ਨੇਤਨਯਾਹੂ ਨੇ ਇਹ ਬਿਆਨ ਦੱਖਣੀ ਸ਼ਹਿਰ ਬੀਰਸ਼ੇਬਾ ਵਿਚ ਸੋਰੋਕਾ ਹਸਪਤਾਲ ਦੇ ਅੱਗੇ ਖੜ੍ਹ ਕੇ ਦਿੱਤਾ। ਇਰਾਨ ਨੇ ਲੰਘੇ ਦਿਨ ਇਸ ਹਪਸਤਾਲ ’ਤੇ ਮਿਜ਼ਾਈਆਂ ਦਾਗੀਆਂ ਸਨ। ਨੇਤਨਯਾਹੂ ਨੇ ਲੋਕਾਂ ਨੂੰ ਇਕ ਭਾਵੁਕ ਅਪੀਲ ਵਿਚ ਕਿਹਾ ਕਿ ਹੋਰਨਾਂ ਕਈ ਪਰਿਵਾਰਾਂ ਵਾਂਗ ਉਨ੍ਹਾਂ ਦੇ ਆਪਣੇ ਪਰਿਵਾਰ ਨੇ ਵੀ ਨਿੱਜੀ ਕੀਮਤ ਤਾਰੀ ਹੈ। ਉਨ੍ਹਾਂ ਕਿਹਾ ਕਿ ਵਿਆਹ ਅੱਗੇ ਪੈਣ ਨਾਲ ਐਵਨਰ ਦੀ ਮੰਗੇਤਰ ਅਤੇ ਉਸ ਦੀ ਪਤਨੀ ਸਾਰਾ ਨੂੰ ਵੱਡਾ ਧੱਕਾ ਲੱਗਾ ਹੈ। ਕਾਬਿਲੇਗੌਰ ਹੈ ਕਿ ਪਹਿਲਾਂ ਇਹ ਵਿਆਹ ਨਵੰਬਰ ਲਈ ਤਜਵੀਜ਼ਤ ਸੀ, ਪਰ ਉਦੋਂ ਇਸ ਨੂੰ ਸੁਰੱਖਿਆ ਫ਼ਿਕਰਾਂ ਦੇ ਹਵਾਲੇ ਨਾਲ ਮੁਲਤਵੀ ਕਰ ਦਿੱਤਾ ਗਿਆ ਸੀ। ਵਿਆਹ ਲਈ ਇਸ ਹਫ਼ਤੇ ਦੀ ਤਰੀਕ ਰੱਖੀ ਗਈ ਸੀ, ਜਿਸ ਨੂੰ ਹੁਣ ਫਿਰ ਅੱਗੇ ਪਾ ਦਿੱਤਾ ਗਿਆ ਹੈ।
ਨੇਤਨਯਾਹੂ ਨੇ ਹਾਲਾਤ ਦੀ ਤੁਲਨਾ ਦੂਜੀ ਆਲਮੀ ਜੰਗ ਵਿੱਚ ਬਲਿਟਜ਼ ਦੌਰਾਨ ਬਰਤਾਨਵੀ ਲੋਕਾਂ ਦੇ ਦੁੱਖਾਂ ਨਾਲ ਕੀਤੀ, ਅਤੇ ਕਿਹਾ ਕਿ ਇਜ਼ਰਾਈਲ ਵੀ ਇਸੇ ਤਰ੍ਹਾਂ ਦੀ ਅਜ਼ਮਾਇਸ਼ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ, ‘‘ਹਰੇਕ ਜਣਾ ਮੁੱਲ ਤਾਰ ਰਿਹਾ ਹੈ, ਮੇਰਾ ਪਰਿਵਾਰ ਵੀ।’’ ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਆਪਣੀ ਪਤਨੀ ਸਾਰਾ ਦੀ ਵੀ ਪ੍ਰਸ਼ੰਸਾ ਕੀਤੀ, ਉਸ ਨੂੰ ਨਿੱਜੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ‘ਹੀਰੋ’ ਕਿਹਾ।
ਨੇਤਨਯਾਹੂ ਦੀ ਇਸ ਟਿੱਪਣੀ ਖਿਲਾਫ਼ ਕਈ ਲੋਕਾਂ ਨੇ ਗੁੱਸਾ ਜ਼ਾਹਿਰ ਕੀਤਾ ਹੈ। ਕਈਆਂ ਨੇ ਯੁੱਧ ਸਮੇਂ ਦੇ ਬ੍ਰਿਟੇਨ ਨਾਲ ਤੁਲਨਾ ਲਈ ਇਜ਼ਰਾਇਲੀ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਅਤੇ ਬਿਆਨ ਨੂੰ ਸਵੈ-ਕੇਂਦਰਿਤ ਮੰਨਿਆ। ਸੋਸ਼ਲ ਮੀਡੀਆ ’ਤੇ ਇਜ਼ਰਾਈਲੀਆਂ ਨੇ ਭਾਸ਼ਣ ਦਾ ਮਜ਼ਾਕ ਉਡਾਇਆ ਅਤੇ ਨੇਤਨਯਾਹੂ ’ਤੇ ਦੇਸ਼ ਦੇ ਦਰਦ ਤੋਂ ਬੇਖ਼ਬਰ ਹੋਣ ਦਾ ਦੋਸ਼ ਲਗਾਇਆ।
ਯੂਜ਼ਰਜ਼ ਨੇ ਕਿਹਾ, ‘‘ਅਜਿਹੇ ਹਜ਼ਾਰਾਂ ਲੋਕ ਹਨ ਜਿਨ੍ਹਾਂ ਦੇ ਵਿਆਹ ਕਦੇ ਨਹੀਂ ਹੋਣਗੇ...ਕਈ ਫੌਜੀ ਵਾਪਸ ਨਹੀਂ ਆਏ...ਤੇ ਪ੍ਰਧਾਨ ਮੰਤਰੀ ਆਪਣੀ ਨਿੱਜੀ ਪ੍ਰੇਸ਼ਾਨੀ ਨੂੰ ‘ਬਲਿਦਾਨ’ ਦੱਸ ਰਹੇ ਹਨ।’’ ਯੂਜ਼ਰਜ਼ ਨੇ ਇਸ ਨੂੰ ਨੇਤਨਯਾਹੂ ਦੀ ਅਸੰਵੇਦਨਸ਼ੀਲਤਾ ਦੱਸਦੇ ਹੋਏ ਕਿਹਾ, ‘ਇਹ ਜੰਗ ਨਹੀਂ, ਇਕ ਵਿਆਹ ਹੈ....ਅਤੇ ਕਈ ਪਰਿਵਾਰਾਂ ਨੂੰ ਹੁਣ ਕੋਈ ਜਸ਼ਨ ਨਸੀਬ ਨਹੀਂ ਹੋਵੇਗਾ।’’
Anat Angrest, ਜਿਸ ਦੇ ਪੁੱਤਰ ਨੂੰ 7 ਅਕਤੂਬਰ, 2023 ਤੋਂ ਗਾਜ਼ਾ ਵਿੱਚ ਬੰਦੀ ਬਣਾਇਆ ਗਿਆ ਹੈ, ਨੇ ਜਨਤਕ ਤੌਰ 'ਤੇ ਜਵਾਬ ਦਿੱਤਾ: "ਮੇਰੇ ਪਰਿਵਾਰ ਨੂੰ ਵੀ ਪੀੜ ਦੀ ਕਮੀ ਮਹਿਸੂਸ ਨਹੀਂ ਹੋਈ। ਮੈਂ ਪਿਛਲੇ 622 ਦਿਨਾਂ ਤੋਂ ਇੱਕ ਭਿਆਨਕ ਸੁਪਨਾ ਜੀਅ ਰਿਹਾ ਹਾਂ।’’
ਇਸ ਦੌਰਾਨ ਸਿਆਸੀ ਗਲਿਆਰਿਆਂ ’ਚੋਂ ਵੀ ਤਿੱਖੀ ਪ੍ਰਤੀਕਿਰਿਆ ਮਿਲੀ ਹੈ। ‘ਦਿ ਗਾਰਡੀਅਨ’ ਦੀ ਰਿਪੋਰਟ ਅਨੁਸਾਰ ਡੈਮੋਕਰੇਟਿਕ ਪਾਰਟੀ ਦੇ Knesset (ਇਜ਼ਰਾਇਲੀ ਸੰਸਦ) ਮੈਂਬਰ ਗਿਲਾਡ ਕਰੀਵ ਨੇ ਨੇਤਨਯਾਹੂ ਨੂੰ ‘Narcissist without boundaries’ ਦੱਸਿਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਰਿਵਾਰਾਂ ਨੇ ਇਸ ਤੋਂ ਵੀ ਬੱਦਤਰ ਹਾਲਾਤ ਦਾ ਸਾਹਮਣਾ ਕੀਤਾ ਹੈ, ਆਪਣੇ ਨੇੜਲਿਆਂ ਨੂੰ ਗੁਆ ਲਿਆ ਤੇ ਭਵਿੱਖ ਤਬਾਹ ਹੋ ਗਏ...ਸਿਰਫ਼ ਮੁਲਤਵੀ ਨਹੀਂ ਕੀਤਾ। ਕਰੀਵ ਨੇ ਨੇਤਨਯਾਹੂ ਵੱਲੋਂ ਆਪਣੀ ਪਤਨੀ ਦੀ ਪ੍ਰਸ਼ੰਸਾ ਕੀਤੇ ਜਾਣ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਰੋਜ਼ਮਰ੍ਹਾ ਦੇ ਇਜ਼ਰਾਇਲੀ, ਜਿਵੇਂ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਡਾਕਟਰ ਅਤੇ ਬੇਯਕੀਨੀ ਦੇ ਮਾਹੌਲ ਵਿਚ ਬੱਚਿਆਂ ਦੀ ਸਹਾਇਤਾ ਕਰਨ ਵਾਲੇ ਅਧਿਆਪਕ, ਅਸਲ ਨਾਇਕ ਹਨ।