Musk vs Trump: ਐਲਨ ਮਸਕ ਨੇ ਟੈਕਸ ਤੇ ਖਰਚ ਕਟੌਤੀ ਬਿੱਲ ’ਤੇ ਮੁੜ ਟਰੰਪ ਨੂੰ ਘੇਰਿਆ
ਨਵੇਂ ਬਿੱਲ ਨਾਲ ਲੱਖਾਂ ਨੌਕਰੀਆਂ ਤੇ ਉਭਰਦੇ ਉਦਯੋਗ ਖ਼ਤਮ ਹੋਣ ਦਾ ਕੀਤਾ ਦਾਅਵਾ; ਬਿੱਲ ਨੂੰ ਰਿਪਬਲਿਕਨ ਪਾਰਟੀ ਲਈ ‘ਸਿਆਸੀ ਖ਼ੁਦਕੁਸ਼ੀ’ ਦੱਸਿਆ
ਵਾਸ਼ਿੰਗਟਨ, 29 ਜੂਨ
Musk vs Trump: ਉਦਯੋਗਪਤੀ ਐਲਨ ਮਸਕ ਨੇ ਸ਼ਨਿੱਚਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਆਪਕ ਟੈਕਸ ਤੇ ਖਰਚ ਕਟੌਤੀ ਬਿੱਲ ਨੂੰ ਲੈ ਕੇ ਮੁੜ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਜਿਸ ਬਿੱਲ ਨੂੰ ਲੈ ਕੇ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਤਰਲੋ ਮੱਛੀ ਹੋ ਰਹੇ ਹਨ, ਉਸ ਨਾਲ ਨੌਕਰੀਆਂ ਖ਼ਤਮ ਤੇ ਉਭਰਦੀਆਂ ਸਨਅਤਾਂ ਠੱਪ ਹੋ ਜਾਣਗੀਆਂ।
ਮਸਕ ਨੇ ਸ਼ਨਿੱਚਰਵਾਰ ਨੂੰ ‘ਐਕਸ’ ਉੱਤੇ ਲਿਖਿਆ, ‘‘ਸੈਨੇਟ ਦਾ ਨਵਾਂ ਖਰੜਾ ਬਿੱਲ ਅਮਰੀਕਾ ਵਿਚ ਲੱਖਾਂ ਨੌਕਰੀਆਂ ਖ਼ਤਮ ਕਰ ਦੇਵੇਗਾ ਤੇ ਸਾਡੇ ਦੇਸ਼ ਨੂੰ ਵੱਡਾ ਰਣਨੀਤਕ ਨੁਕਸਾਨ ਪੁੱਜੇਗਾ।’’ ਮਸਕ ਨੇ ਇਹ ਗੱਲ ਅਜਿਹੇ ਮੌਕੇ ਕਹੀ ਹੈ ਜਦੋਂ ਸੈੈਨੇਟ ਨੇ ਕਰੀਬ 1000 ਸਫ਼ਿਆਂ ਵਾਲੇ ਬਿੱਲ ’ਤੇ ਖੁੱਲ੍ਹੀ ਬਹਿਸ ਲਈ ਵੋਟਿੰਗ ਕਰਵਾਉਣੀ ਸੀ। ਉਨ੍ਹਾਂ ਕਿਹਾ, ‘‘ਇਸ ਨਾਲ ਪੁਰਾਣੇ ਉਦਯੋਗਾਂ ਨੂੰ ਤਾਂ ਲਾਭ ਹੋਵੇਗਾ, ਪਰ ਇਸ ਨਾਲ ਨਵੇਂ ਤੇ ਉਭਰਦੇ ਉਦਯੋਗਾਂ ਨੂੰ ਗੰਭੀਰ ਨੁਕਸਾਨ ਪਹੁੰਚੇਗਾ।’’
ਟੈਸਲਾ ਤੇ ਸਪੇਸਐਕਸ ਦੇ ਸੀਈਓ ਨੇ ਮਗਰੋਂ ਇਕ ਪੋਸਟ ਵਿਚ ਲਿਖਿਆ ਕਿ ਇਹ ਬਿੱਲ ‘ਰਿਪਬਲਿਕਨ ਪਾਰਟੀ ਲਈ ਸਿਆਸੀ ਖ਼ੁਦਕੁਸ਼ੀ’ ਹੋਵੇਗੀ। ਮਸਕ ਨੇ ਟਰੰਪ ’ਤੇ ਨਵੇਂ ਸਿਰੇ ਤੋਂ ਹੱਲਾ ਬੋਲਿਆ ਹੈ। ਹਾਲ ਹੀ ਵਿਚ ਮਸਕ ਨੇ ਟਰੰਪ ਪ੍ਰਸ਼ਾਸਨ ਦੇ ਸਕਿੱਲ ਵਿਭਾਗ ਨੂੰ ਛੱਡਦਿਆਂ ਉਨ੍ਹਾਂ ਉੱਤੇ ਗੰਭੀਰ ਦੋਸ਼ ਲਾਏ ਸਨ।
ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਵਿਚ ਟੈਕਸ ਛੋਟ, ਖਰਚਿਆਂ ’ਚ ਕਟੌਤੀ ਤੇ ਡਿਪੋਰਟੇਸ਼ਨ ਫੰਡ ਵਿਚ ਵਾਧੇ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿੱਲ ਨੇ ਇਕ ਅਹਿਮ ਅਮਲੀ ਪੜਾਅ ਨੂੰ ਪੂਰਾ ਕਰ ਲਿਆ ਹੈ। ਇਸ ਬਿੱਲ ਨੂੰ ਪਾਸ ਕਰਨ ਦੀ ਨਿਰਧਾਰਿਤ ਮਿਆਦ 4 ਜੁਲਾਈ ਹੈ। ਸ਼ਨਿੱਚਰਵਾਰ ਦੇਰ ਰਾਤ ਤੱਕ ਚੱਲੀ ਸੈਨੇਟ ਦੀ ਬੈਠਕ ਦੌਰਾਨ ਅਮਲੀ ਪੜਾਅ ਵਿਚ ਹੋਈ ਵੋਟਿੰਗ ’ਚ ਬਿੱਲ ਦੇ ਪੱਖ ਵਿਚ 51 ਤੇ ਵਿਰੋਧ ’ਚ 49 ਵੋਟ ਪਏ। ਦੋਵੇਂ ਵੋਟ ਬਰਾਬਰ ਰਹਿਣ ਦੀ ਸੂਰਤ ਵਿਚ ‘ਟਾਈਬ੍ਰੇਕ’ ਲਈ ਉਪ ਰਾਸ਼ਟਰਪਤੀ ਜੇਡੀ ਵਾਂਸ ਸਦਨ ਵਿਚ ਮੌਜੂਦ ਸਨ। ਵਿਰੋਧੀ ਧਿਰ ਦੇ ਸੰਸਦ ਮੈਂਬਰ ਗੱਲਬਾਤ ਲਈ ਇਕੱਠੇ ਹੋਏ ਤਾਂ ਸਦਨ ਵਿਚ ਤਣਾਅ ਵਾਲੀ ਸਥਿਤੀ ਬਣ ਗਈ ਤੇ ਜਮੂਦ ਬਣਨ ਕਰਕੇ ਘੰਟਿਆਂਬੱਧੀ ਵੋਟਿੰਗ ਰੁਕੀ ਰਹੀ। -ਪੀਟੀਆਈ