ਟਰੰਪ ਨਾਲ ਵਿਵਾਦ ਮਗਰੋਂ ਮਸਕ ਵੱਲੋਂ ਨਵੀਂ ‘ਅਮਰੀਕਾ ਪਾਰਟੀ’ ਦਾ ਐਲਾਨ
ਵਾਸ਼ਿੰਗਟਨ, 6 ਜੁਲਾਈਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵਧ ਰਹੇ ਵਿਵਾਦ ਦਰਮਿਆਨ ਟੈਸਲਾ ਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਨੇ ਨਵੀਂ ਸਿਆਸੀ ਪਾਰਟੀ ‘ਅਮਰੀਕਾ ਪਾਰਟੀ’ ਦਾ ਐਲਾਨ ਕੀਤਾ ਹੈ। ਅਮਰੀਕੀ ਅਰਬਪਤੀ ਮਸਕ ਨੇ ਕਿਹਾ ਕਿ ਉਸ ਨੇ ਲੋਕਾਂ ਨੂੰ ਉਨ੍ਹਾਂ ਦੀ ਆਜ਼ਾਦੀ ਵਾਪਸ ਦਿਵਾਉਣ ਲਈ ਇਹ ਪਾਰਟੀ ਬਣਾਈ ਹੈ। ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਐਲਾਨ ਕੀਤਾ ਕਿ ਉਸ ਨੇ ਦੇਸ਼ ਵਿੱਚ ਦੋ-ਪਾਰਟੀ ਪ੍ਰਣਾਲੀ ਨੂੰ ਚੁਣੌਤੀ ਦੇਣ ਲਈ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਉਸ ਨੇ ਐਕਸ ’ਤੇ ਕਿਹਾ, ‘ਅੱਜ, ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦਿਵਾਉਣ ਲਈ ਅਮਰੀਕਾ ਪਾਰਟੀ ਬਣਾਈ ਗਈ ਹੈ।’ ਮਸਕ ਵੱਲੋਂ ਇਹ ਐਲਾਨ ਟਰੰਪ ਵੱਲੋਂ ਬੀਤੇ ਦਿਨੀਂ ਟੈਕਸ-ਕਟੌਤੀ ਅਤੇ ਖਰਚ ਬਿੱਲ ’ਤੇ ਦਸਤਖਤ ਕਰਨ ਤੋਂ ਬਾਅਦ ਕੀਤਾ ਗਿਆ ਹੈ।
ਟੈਸਲਾ ਅਤੇ ਸਪੇਸਐਕਸ ਦੇ ਸੀਈਓ ਨੇ ਕਿਹਾ, ‘ਜਦੋਂ ਸਾਡੇ ਦੇਸ਼ ਨੂੰ ਬਰਬਾਦੀ ਅਤੇ ਭ੍ਰਿਸ਼ਟਾਚਾਰ ਨਾਲ ਦੀਵਾਲੀਆ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਲੋਕਤੰਤਰ ਵਿੱਚ ਨਹੀਂ, ਇੱਕ ਪਾਰਟੀ ਪ੍ਰਣਾਲੀ ਵਿੱਚ ਹੁੰਦੇ ਹਾਂ।’ ਹਾਲਾਂਕਿ, ਮਸਕ ਨੇ ਇਹ ਨਹੀਂ ਦੱਸਿਆ ਕਿ ਪਾਰਟੀ ਕਿੱਥੇ ਰਜਿਸਟਰ ਕੀਤੀ ਜਾ ਸਕਦੀ ਹੈ। ਕਾਨੂੰਨੀ ਤੌਰ ’ਤੇ ਪਾਰਟੀ ਬਣਾਉਣ ਲਈ ਇਹ ਸੰਘੀ ਚੋਣ ਕਮਿਸ਼ਨ (ਐੱਫਈਸੀ) ਨਾਲ ਰਜਿਸਟਰਡ ਹੋਣੀ ਚਾਹੀਦੀ ਹੈ। ਸੀਐੱਨਐੱਨ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਐੱਫਈਸੀ ਦੀ ਹਾਲੀਆ ਫਾਈਲਿੰਗ ਵਿੱਚ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ।
ਮਸਕ ਨੇ ਟਰੰਪ ਨਾਲ ਆਪਣੇ ਜਨਤਕ ਝਗੜੇ ਦੌਰਾਨ ਆਪਣੀ ਪਾਰਟੀ ਬਣਾਉਣ ਵੱਲ ਇਸ਼ਾਰਾ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਸਰਕਾਰੀ ਵਿਭਾਗ ਦੀ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ। ਸੋਸ਼ਲ ਮੀਡੀਆ ’ਤੇ ਟਰੰਪ ਅਤੇ ਮਸਕ ਵਿਚਾਲੇ ਵਿਵਾਦ ਕਾਫੀ ਭਖਿਆ ਹੋਇਆ ਹੈ। ਬੀਤੇ ਦਿਨ ਮਸਕ ਨੇ ਐਕਸ ’ਤੇ ਲੋਕਾਂ ਤੋਂ ਨਵੀਂ ਸਿਆਸੀ ਪਾਰਟੀ ਬਣਾਉਣ ਬਾਰੇ ਰਾਇ ਮੰਗੀ ਸੀ, ਜਿਸ ਦਾ ਲੋਕਾਂ ਨੇ ਸਮਰਥਨ ਕੀਤਾ ਸੀ। ਇਸ ਮਗਰੋਂ ਉਸ ਨੇ ਕਿਹਾ, ‘2 ’ਚੋਂ 1 ਦੇ ਅਨੁਪਾਤ ਨਾਲ ਤੁਸੀਂ ਨਵੀਂ ਸਿਆਸੀ ਪਾਰਟੀ ਚਾਹੁੰਦੇ ਹੋ ਅਤੇ ਇਹ ਤੁਹਾਨੂੰ ਜ਼ਰੂਰ ਮਿਲੇਗੀ।’ ਟਰੰਪ ਦੀ 2024 ਦੀ ਰਾਸ਼ਟਰਪਤੀ ਮੁਹਿੰਮ ਲਈ ਮਸਕ ਸਭ ਤੋਂ ਵੱਡਾ ਵਿਅਕਤੀਗਤ ਦਾਨੀ ਸੀ। ਉਹ ਟਰੰਪ ਦਾ ਨਜ਼ਦੀਕੀ ਸਲਾਹਕਾਰ ਵੀ ਰਿਹਾ ਹੈ।
ਟਰੰਪ ਨੇ ਦੋ ਦਿਨ ਪਹਿਲਾਂ ਮਸਕ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇ ਉਸ ਦੀ ਕੰਪਨੀ ਦੀ ਸਬਸਿਡੀ ਬੰਦ ਕਰ ਦਿੱਤੀ ਗਈ ਤਾਂ ਉਸ ਨੂੰ ਆਪਣਾ ਕਾਰੋਬਾਰ ਛੱਡ ਕੇ ਦੱਖਣੀ ਅਫਰੀਕਾ ਪਰਤਣਾ ਪਵੇਗਾ। ਟਰੰਪ ਨੇ ਕਿਹਾ ਸੀ ਕਿ ਸਬਸਿਡੀ ਬੰਦ ਹੋਣ ਨਾਲ ਟੈਸਲਾ ਨਾ ਤਾਂ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਕਰ ਸਕੇਗੀ ਤੇ ਨਾ ਹੀ ਸਪੇਸਐਕਸ ਦੇ ਰਾਕੇਟ, ਸੈਟੇਲਾਈਟ ਲਾਂਚ ਕੀਤੇ ਜਾਣਗੇ। ਉਨ੍ਹਾਂ ਕਿਹਾ ਸੀ ਕਿ ਮਸਕ ਨੂੰ ਸਰਕਾਰੀ ਸਬਸਿਡੀ ਵਜੋਂ ਕਾਫੀ ਪੈਸਾ ਮਿਲਿਆ ਹੈ ਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। -ਪੀਟੀਆਈ