ਐੱਨ ਐੱਸ ਸੀ ਐੱਨ (ਆਈ ਐੱਮ) ਮੁਖੀ ਟੀ ਮੁਈਵਾਹ 50 ਤੋਂ ਵੀ ਵੱਧ ਸਮੇਂ ਮਗਰੋਂ ਆਪਣੇ ਜੱਦੀ ਪਿੰਡ ਸੋਮਦਲ ਦਾ ਦੌਰਾ ਕਰਨ ਲਈ ਅੱਜ ਮਨੀਪੁਰ ਦੇ ਉਖਰੂਲ ਜ਼ਿਲ੍ਹੇ ’ਚ ਪੁੱਜੇ। ਅਧਿਕਾਰੀਆਂ ਨੇ ਦੱਸਿਆ ਕਿ 91 ਸਾਲਾ ਨਾਗਾ ਆਗੂ ਨੂੰ ਲੈ ਕੇ ਹੈਲੀਕਾਪਟਰ ਜ਼ਿਲ੍ਹਾ ਹੈੱਡਕੁਆਰਟਰ ਦੇ ਬਖ਼ਸ਼ੀ ਮੈਦਾਨ ’ਚ ਉਤਰਿਆ। ਇਸ ਮੌਕੇ ਵੱਡੀ ਗਿਣਤੀ ਪੁਰਸ਼ ਤੇ ਔਰਤਾਂ ਰਵਾਇਤੀ ਪਹਿਰਾਵੇ ’ਚ ਆਪਣੇ ਆਗੂ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਸਨ। ਅਧਿਕਾਰੀ ਨੇ ਦੱਸਿਆ ਕਿ 1997 ’ਚ ਐੱਨ ਐੱਸ ਸੀ ਐੱਨ (ਆਈ ਐੱਮ) ਦੇ ਸੰਘਰਸ਼ ਰੋਕਣ ਦੇ ਸਮਝੌਤੇ ਮਗਰੋਂ ਕੇਂਦਰ ਨਾਲ ਨਾਗਾ ਸ਼ਾਂਤੀ ਵਾਰਤਾ ’ਚ ਮੁੱਖ ਵਾਰਤਾਕਾਰ ਮੁਈਵਾਹ, ਦੀਮਾਪੁਰ ਰਵਾਨਾ ਹੋਣ ਤੋਂ ਪਹਿਲਾਂ ਇੱਕ ਹਫ਼ਤੇ ਤੱਕ ਸੋਮਦਲ ਪਿੰਡ ’ਚ ਰੁਕ ਸਕਦੇ ਹਨ। ਉਨ੍ਹਾਂ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਮਨੀਪੁਰ ਮਈ 2023 ਤੋਂ ਮੈਤੇਈ ਤੇ ਕੁਕੀ-ਜ਼ੋ ਸਮੂਹਾਂ ਵਿਚਾਲੇ ਹਿੰਸਾ ਤੋਂ ਪੀੜਤ ਹੈ। ਮੁਈਵਾਹ ਦਾ ਸਵਾਗਤ ਕਰਨ ਪੁੱਜੇ ਏ ਹੋਰਾਮ ਨੇ ਕਿਹਾ, ‘‘ਇਹ ਸਾਰੇ ਨਾਗਾ ਲੋਕਾਂ ਲਈ ਜਜ਼ਬਾਤੀ ਪਲ ਹੈ। ਅਸੀਂ ਉਨ੍ਹਾਂ ਦੀ ਕਹਾਣੀ ਸੁਣਦਿਆਂ ਵੱਡੇ ਹੋਏ ਹਾਂ। ਉਹ ਮਹਾਨ ਵਿਅਕਤੀ ਹਨ।’’
ਇਸੇ ਦੌਰਾਨ ਵੱਖਵਾਦੀ ਜਥੇਬੰਦੀ ਐੱਨ ਐੱਸ ਸੀ ਐੱਨ (ਆਈ ਐੱਮ) ਨੇ ਕਿਹਾ ਕਿ ਨਾਗਾ ਝੰਡੇ ਤੇ ਇਸ ਦੇ ਸੰਵਿਧਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਤੋਂ ਇਲਾਵਾ ਹੋਰ ਨਾਗਾ ਧੜਿਆਂ ਨਾਲ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਕਿਸੇ ਵੀ ਸਮਝੌਤੇ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਇਹ ਬਿਆਨ ਜਥੇਬੰਦੀ ਦੇ ਸੀਨੀਅਰ ਆਗੂ ਵੀ ਐੱਸ ਅਟੇਮ ਨੇ ਮੁਈਵਾਹ ਦਾ ਸੁਨੇਹਾ ਪੜ੍ਹਦਿਆਂ ਜਾਰੀ ਕੀਤਾ।