ਮਾਊਂਟ ਐਵਰੇਸਟ ’ਤੇ ਬਰਫ਼ੀਲੇ ਤੂਫ਼ਾਨ ’ਚ ਫਸੇ 850 ਤੋਂ ਵੱਧ ਵਿਅਕਤੀ ਸੁਰੱਖਿਅਤ ਕੱਢੇ
ਮਾਊਂਟ ਐਵਰੇਸਟ ਦੀਆਂ ਤਿੱਬਤ ਵਾਲੇ ਪਾਸੇ ਦੀਆਂ ਢਲਾਣਾਂ ’ਤੇ ਤਿੰਨ ਦਿਨ ਤੋਂ ਭਿਆਨਕ ਬਰਫੀਲੇ ਤੂਫਾਨ ’ਚ ਫਸੇ 850 ਤੋਂ ਵੱਧ ਪੈਦਲ ਯਾਤਰੀਆਂ, ਗਾਈਡਾਂ ਤੇ ਪੋਰਟਰਾਂ ਨੂੰ ਪਿੰਡ ਵਾਸੀਆਂ ਤੇ ਬਚਾਅ ਟੀਮਾਂ ਨੇ ਸੁਰੱਖਿਅਤ ਕੱਢ ਲਿਆ ਹੈ। ਸਥਾਨਕ ਸਰਕਾਰ ਨੇ ਲੰਘੀ ਦੇਰ ਰਾਤ ਕਿਹਾ ਕਿ ਦੱਖਣ-ਪੱਛਮੀ ਤਿੱਬਤ ਖੁਦਮੁਖਤਿਆਰ ਖੇਤਰ ਦੇ ਸ਼ਿਗੇਜ਼ ਸ਼ਹਿਰ ਦੀ ਡਿੰਗਰੀ ਕਾਊਂਟੀ ’ਚ ਭਾਰੀ ਬਰਫਬਾਰੀ ’ਚ ਫਸੇ ਸਾਰੇ ਪੈਦਲ ਯਾਤਰੀ ਤੇ ਸਥਾਨਕ ਸੁਰੱਖਿਆ ਕਰਮੀ ਪਹੁੰਚ ਗਏ ਹਨ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਸਥਾਨਕ ਗਾਈਡਾਂ ਤੇ ਯਾਕ ਆਜੜੀਆਂ ਸਮੇਤ ਕੁੱਲ 580 ਪੈਦਲ ਯਾਤਰੀ ਤੇ 300 ਤੋਂ ਵੱਧ ਕਰਮਚਾਰੀ ਸੁਰੱਖਿਅਤ ਢੰਗ ਨਾਲ ਕਿਊਡੇਂਗ ਟਾਊਨਸ਼ਿਪ ਅਤੇ ਨੇੜਲੇ ਇਲਾਕਿਆਂ ’ਚ ਪਹੁੰਚ ਗਏ ਹਨ, ਜਿੱਥੇ ਅਧਿਕਾਰੀ ਉਨ੍ਹਾਂ ਦੀ ਵਾਪਸੀ ਯਾਤਰਾ ਦਾ ਪ੍ਰਬੰਧ ਕਰ ਰਹੇ ਹਨ।
ਸ਼ਿਨਹੂਆ ਨੇ ਇਸ ਤੋਂ ਪਹਿਲਾਂ ਬੀਤੇ ਦਿਨ ਦੱਸਿਆ ਸੀ ਕਿ ਬਰਫੀਲੇ ਤੂਫਾਨ ’ਚ ਇਕ ਯਾਤਰੀ ਦੀ ਮੌਤ ਹੋ ਗਈ ਸੀ। ਬਰਫੀਲੇ ਤੂਫਾਨ ਨੇ ਮਾਊਂਟ ਐਵਰੇਸਟ ਦੇ ਤਿੱਬਤੀ ਹਿੱਸੇ ’ਚ ਛੁੱਟੀਆਂ ਮਨਾਉਣ ਵਾਲੇ ਇੱਕ ਹਜ਼ਾਰ ਤੋਂ ਵੱਧ ਟਰੈਕਰਾਂ ਨੂੰ ਅਚਾਨਕ ਆਪਣੀ ਲਪੇਟ ’ਚ ਲੈ ਲਿਆ ਸੀ। ਹਜ਼ਾਰਾਂ ਸੈਲਾਨੀ ਕੌਮੀ ਦਿਵਸ ਤੇ ਮੱਧ ਸਰਦ ਰੁੱਤ ਸਮਾਗਮ ਮਨਾਉਣ ਲਈ ਚੀਨ ’ਚ 1 ਅਕਤੂਬਰ ਤੋਂ ਅੱਠ ਦਿਨ ਦੀ ਛੁੱਟੀ ਦੌਰਾਨ ਤਿੱਬਤ ਪਹੁੰਚੇ ਸਨ। ਸ਼ਨਿਚਰਵਾਰ ਨੂੰ ਸ਼ੁਰੂ ਹੋਏ ਬਰਫੀਲੇ ਤੂਫਾਨ ਦੇ ਨਾਲ ਭਾਰੀ ਬਰਫਬਾਰੀ ਹੋਈ, ਜਿਸ ਨੇ ਟੈਂਟ ਪੁੱਟ ਸੁੱਟੇ ਅਤੇ ਪਰਬਤਾਰੋਹੀਆਂ ਲਈ ਹੇਠਾਂ ਉਤਰਨਾ ਬਹੁਤ ਮੁਸ਼ਕਲ ਹੋ ਗਿਆ। ਸਰਕਾਰੀ ਪ੍ਰਸਾਰਕ ਸੀਸੀਟੀਵੀ ਨੇ ਅੱਜ ਖ਼ਬਰ ਦਿੱਤੀ ਕਿ ਟਿੰਗਰੀ ਕਾਊਂਟੀ ਦੇ ਬਚਾਅ ਕਰਮੀਆਂ ਦੀ ਮਦਦ ਨਾਲ ਇੱਕ ਦਰਜਨ ਤੋਂ ਵੱਧ ਪਰਬਤਾਰੋਹੀ ਸੁਰੱਖਿਅਤ ਥਾਵਾਂ ’ਤੇ ਪਹੁੰਚ ਗਏ ਹਨ।