Modi-Vance talks on Monday ਸੋਮਵਾਰ ਨੂੰ ਰਾਤ ਦੀ ਦਾਅਵਤ ’ਤੇ ਵੈਂਸ ਪਰਿਵਾਰ ਦੀ ਮੇਜ਼ਬਾਨੀ ਕਰਨਗੇ ਪ੍ਰਧਾਨ ਮੰਤਰੀ ਮੋਦੀ
ਦੋਵੇਂ ਆਗੂ ਵਪਾਰ, ਟੈਰਿਫ, ਖੇਤਰੀ ਸੁਰੱਖਿਆ ਸਮੇਤ ਵੱਖ ਵੱਖ ਮੁੱਦਿਆਂ ’ਤੇ ਕਰਨਗੇ ਗੱਲਬਾਤ, ਅਕਸ਼ਰਧਾਮ ਮੰਦਿਰ ਵੀ ਜਾਵੇਗਾ ਅਮਰੀਕੀ ਉਪ ਰਾਸ਼ਟਰਪਤੀ ਤੇ ਉਨ੍ਹਾਂ ਦਾ ਪਰਿਵਾਰ
ਨਵੀਂ ਦਿੱਲੀ, 20 ਅਪਰੈਲ
Modi-Vance talks on Monday ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮੀਂ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਲਈ ਰਾਤ ਦੀ ਦਾਅਵਤ ਦੀ ਮੇਜ਼ਬਾਨੀ ਕਰਨਗੇ। ਹਾਲਾਂਕਿ ਇਸ ਤੋਂ ਪਹਿਲਾਂ ਦੋਵੇਂ ਆਗੂ ਵਪਾਰ, ਟੈਰਿਫ, ਖੇਤਰੀ ਸੁਰੱਖਿਆ ਅਤੇ ਸਮੁੱਚੇ ਦੁਵੱਲੇ ਸਬੰਧਾਂ ਨੂੰ ਵਧਾਉਣ ਦੇ ਤਰੀਕਿਆਂ ਸਮੇਤ ਕਈ ਮੁੱਖ ਮੁੱਦਿਆਂ ’ਤੇ ਗੱਲਬਾਤ ਕਰਨਗੇ। ਅਮਰੀਕੀ ਉਪ ਰਾਸ਼ਟਰਪਤੀ, ਉਨ੍ਹਾਂ ਦੀ ਪਤਨੀ ਊਸ਼ਾ ਅਤੇ ਉਨ੍ਹਾਂ ਦੇ ਤਿੰਨ ਬੱਚੇ - ਈਵਾਨ, ਵਿਵੇਕ ਅਤੇ ਮੀਰਾਬੇਲ - ਸੋਮਵਾਰ ਸਵੇਰੇ 10 ਵਜੇ ਪਾਲਮ ਏਅਰਬੇਸ ’ਤੇ ਚਾਰ ਦਿਨਾਂ ਦੀ ਭਾਰਤ ਫੇਰੀ ਲਈ ਪਹੁੰਚਣਗੇ।
ਵੈਂਸ ਭਾਰਤ ਦੇ ਪਲੇਠੇ ਦੌਰੇ ’ਤੇ ਅਜਿਹੇ ਮੌਕੇ ਆ ਰਹੇ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਮੇਤ ਕਰੀਬ 60 ਦੇਸ਼ਾਂ ਉੱਤੇ ਲੱਗਣ ਵਾਲੇ ਜਵਾਬੀ ਟੈਕਸ ਨੂੰ 90 ਦਿਨਾਂ ਲਈ ਅੱਗੇ ਪਾ ਦਿੱਤਾ ਹੈ। ਉਂਝ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੁਵੱਲੇ ਵਪਾਰ ਸਮਝੌਤੇ ’ਤੇ ਦਸਤਖਤ ਕਰਨ ਲਈ ਗੱਲਬਾਤ ਕਰ ਰਹੇ ਹਨ। ਇਸ ਸਮਝੌਤੇ ਤਹਿਤ ਟੈਰਿਫ ਅਤੇ ਮਾਰਕੀਟ ਪਹੁੰਚ ਸਮੇਤ ਕਈ ਮੁੱਦੇ ਹੱਲ ਹੋਣ ਦੀ ਉਮੀਦ ਹੈ।
ਵੈਂਸ ਦਿੱਲੀ ਪੁੱਜਣ ਤੋਂ ਕੁਝ ਘੰਟਿਆਂ ਬਾਅਦ ਆਪਣੇ ਪਰਿਵਾਰ ਨਾਲ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ ਵੀ ਜਾਣਗੇ। ਸੂਤਰਾਂ ਮੁਤਾਬਕ ਵੈਂਸ ਦੰਪਤੀ ਰਵਾਇਤੀ ਭਾਰਤੀ ਹਸਤਕਲਾ ਵੇਚਣ ਵਾਲੇ ਇੱਕ ਸ਼ਾਪਿੰਗ ਕੰਪਲੈਕਸ ਦਾ ਦੌਰਾ ਵੀ ਕਰ ਸਕਦੇ ਹਨ।
ਪਾਲਮ ਏਅਰਬੇਸ ’ਤੇ ਪਹੁੰਚਣ ਮੌਕੇ ਵੈਂਸ ਪਰਿਵਾਰ ਦਾ ਸਵਾਗਤ ਇੱਕ ਸੀਨੀਅਰ ਕੇਂਦਰੀ ਕੈਬਨਿਟ ਮੰਤਰੀ ਵੱਲੋਂ ਕੀਤਾ ਜਾਵੇਗਾ। ਦਿੱਲੀ ਤੋਂ ਇਲਾਵਾ ਵੈਂਸ ਅਤੇ ਉਨ੍ਹਾਂ ਦਾ ਪਰਿਵਾਰ ਜੈਪੁਰ ਅਤੇ ਆਗਰਾ ਦੀ ਯਾਤਰਾ ਵੀ ਕਰੇਗਾ।
ਵੈਂਸ ਦੀ ਫੇਰੀ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਅਮਰੀਕੀ ਉਪ ਰਾਸ਼ਟਰਪਤੀ ਨਾਲ ਘੱਟੋ-ਘੱਟ ਪੰਜ ਸੀਨੀਅਰ ਅਧਿਕਾਰੀਆਂ ਦੇ ਹੋਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਪੈਂਟਾਗਨ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮੀਂ 6:30 ਵਜੇ ਆਪਣੇ 7 ਲੋਕ ਕਲਿਆਣ ਮਾਰਗ ਸਥਿਤ ਨਿਵਾਸ ’ਤੇ ਵੈਂਸ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕਰਨਗੇ। ਇਸ ਉਪਰੰਤ ਅਧਿਕਾਰਤ ਗੱਲਬਾਤ ਹੋਵੇਗੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਐੱਨਐੱਸਏ ਅਜੀਤ ਡੋਵਾਲ, ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਅਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਦੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਰਤੀ ਟੀਮ ਦਾ ਹਿੱਸਾ ਹੋਣ ਦੀ ਉਮੀਦ ਹੈ। -ਪੀਟੀਆਈ