Modi Mauritius visit: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇਗਾ ਮੌਰੀਸ਼ਸ ਦਾ ਸਿਖਰਲਾ ਸਨਮਾਨ, ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਭਾਰਤੀ
Modi Mauritius visit : ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਨੇ ਅੱਜ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਸਿਖਰਲਾ ਸਨਮਾਨ ‘ਦਿ ਗ੍ਰਾਊਂਡ ਕਮਾਂਡਰ ਆਫ਼ ਆਰਡਰ ਆਫ ਸਟਾਰ ਐਂਡ ਕੀ ਆਫ਼ ਇੰਡੀਅਨ ਓਸ਼ਨ’(The Grand Commander of the Order of the Star and Key of the Indian Ocean) ਦਿੱਤਾ ਜਾਵੇਗਾ। ਮੋਦੀ ਇਹ ਮਾਣਮੱਤਾ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹਨ। ਇਹ ਪੁਰਸਕਾਰ ਭਾਰਤ ਤੇ ਮੌਰੀਸ਼ਸ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣ ਦਿੰਦਾ ਹੈ। ਕਿਸੇ ਹੋਰ ਮੁਲਕ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਇਹ 21ਵਾਂ ਕੌਮਾਂਤਰੀ ਪੁਰਸਕਾਰ ਹੈ। ਰਾਮਗੁਲਾਮ ਨੇ ਕਿਹਾ ਕਿ ਮੋਦੀ ਇਹ ਵਿਸ਼ੇਸ਼ ਸਨਮਾਨ ਹਾਸਲ ਕਰਨ ਵਾਲੇ ਪੰਜਵੇਂ ਵਿਦੇਸ਼ੀ ਨਾਗਰਿਕ ਹਨ।
ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਰੋਜ਼ਾ ਫੇਰੀ ਲਈ ਮੌਰੀਸ਼ਸ ਪਹੁੰਚਣ ’ਤੇ ਉਨ੍ਹਾਂ ਦਾ ਹਵਾਈ ਅੱਡੇ ’ਤੇ ਰਸਮੀ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਟਾਪੂਨੁਮਾ ਮੁਲਕ ਦੇ ਨੈਸ਼ਨਲ ਡੇਅ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਮੌਰੀਸ਼ਸ ਦੇ ਸਿਖਰਲੇ ਆਗੂਆਂ ਨਾਲ ਬੈਠਕ ਕਰਨਗੇ। ਮੌਰੀਸ਼ਸ ਵਿਚ ਭਾਰਤੀ ਪਰਵਾਸੀ ਭਾਈਚਾਰੇ ਨੇ ਸ੍ਰੀ ਮੋਦੀ ਦਾ ਰਵਾਇਤੀ ਬਿਹਾਰੀ ਸਭਿਆਚਾਰਕ ਪੇਸ਼ਕਾਰੀ ‘ਗੀਤਾ ਗਾਵਈ’ ਨਾਲ ਸਵਾਗਤ ਕੀਤਾ।
ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੌਰੀਸ਼ਸ ਪਹੁੰਚ ਗਿਆ ਹਾਂ। ਮੈਂ ਆਪਣੇ ਦੋਸਤ ਪ੍ਰਧਾਨ ਮੰਤਰੀ ਡਾ.ਨਵੀਨਚੰਦਰ ਰਾਮਗੁਲਾਮ ਦਾ ਧੰਨਵਾਦੀ ਹਾਂ ਜਿਨ੍ਹਾਂ ਹਵਾਈ ਅੱਡੇ ’ਤੇ ਮੇਰਾ ਵਿਸ਼ੇਸ਼ ਸਵਾਗਤ ਕੀਤਾ। ਇਹ ਯਾਤਰਾ ਇਕ ਮੁੱਲਵਾਨ ਦੋਸਤ ਨੂੰ ਮਿਲਣ ਤੇ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਦੇ ਨਵੇਂ ਰਾਹ ਲੱਭਣ ਦਾ ਸ਼ਾਨਦਾਰ ਮੌਕਾ ਹੈ।’’ ਸ੍ਰੀ ਮੋਦੀ ਨੇ ਪੋਸਟ ਵਿਚ ਅੱਗੇ ਲਿਖਿਆ, ‘‘ਅੱਜ ਮੈਂ ਰਾਸ਼ਟਰਪਤੀ ਧਰਮ ਗੋਖੁਲ, ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮਗੁਲਾਮ ਨਾਲ ਮੁਲਾਕਾਤ ਕਰਾਂਗਾ ਤੇ ਸ਼ਾਮ ਨੂੰ ਇਕ ਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਤ ਕਰਾਂਗਾ।’’
ਸਰ ਸ਼ਿਵਸਾਗਰ ਰਾਮਗੁਲਾਮ ਕੌਮਾਂਤਰੀ ਹਵਾਈ ਅੱਡੇ ’ਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਨੇ ਫੁੱਲ ਮਾਲਾਵਾਂ ਨਾਲ ਮੋਦੀ ਨੂੰ ਜੀ ਆਇਆਂ ਨੂੰ ਕਿਹਾ। ਰਾਮਗੁਲਾਮ ਨਾਲ ਇਸ ਮੌਕੇ ਉਪ ਪ੍ਰਧਾਨ ਮੰਤਰੀ, ਮੌਰੀਸ਼ਸ ਦੇ ਚੀਫ ਜਸਟਿਸ, ਕੌਮੀ ਅਸੈਂਬਲੀ ਦੇ ਪ੍ਰਧਾਨ, ਵਿਰੋਧੀ ਧਿਰ ਦੇ ਆਗੂ, ਵਿਦੇਸ਼ ਮੰਤਰੀ, ਕੈਬਨਿਟ ਸਕੱਤਰ, ਗਰੈਂਡ ਪੋਰਟ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਤੇ ਕਈ ਹੋਰ ਲੋਕ ਮੌਜੂਦ ਸਨ।
ਪ੍ਰਧਾਨ ਮੰਤਰੀ ਦੀ ਇਹ ਯਾਤਰਾ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਰਾਮਗੁਲਾਮ ਦੇ ਸੱਦੇ ’ਤੇ ਹੋ ਰਹੀ ਹੈ। ਯਾਤਰਾ ਦੌਰਾਨ ਦੋਵੇਂ ਮੁਲਕ ਵਿਕਾਸ, ਵਪਾਰ ਤੇ ਸਰਹੱਦ ਪਾਰ ਵਿੱਤੀ ਅਪਰਾਧਾਂ ਨਾਲ ਨਜਿੱਠਣ ਲਈ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਲਈ ਕਈ ਸਮਝੌਤਿਆਂ ’ਤੇ ਸਹੀ ਪਾਉਣਗੇ। -ਪੀਟੀਆਈ