ਮੋਦੀ ਮੇਰਾ ਚੰਗਾ ਦੋਸਤ...ਅਗਲੇ ਸਾਲ ਭਾਰਤ ਦੀ ਯਾਤਰਾ ਕਰ ਸਕਦਾ ਹਾਂ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਭਾਰਤ ਦੀ ਯਾਤਰਾ ਕਰ ਸਕਦੇ ਹਨ। ਅਮਰੀਕੀ ਸਦਰ ਨੇ ਕਿਹਾ ਕਿ ਵਪਾਰ ਸਮਝੌਤੇ ਬਾਰੇ ਭਾਰਤ ਨਾਲ ਗੱਲਬਾਤ ‘ਚੰਗੀ ਚੱਲ ਰਹੀ ਹੈ’। ਟਰੰਪ ਨੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਭਾਰਤ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ। ਉਨ੍ਹਾਂ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਨੇ ਰੂਸੀ ਤੇਲ ਦੀ ਖਰੀਦ ਬੰਦ ਕਰ ਦਿੱਤੀ ਹੈ।’’ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਅਤੇ ਭਾਰਤ ਨਾਲ ਵਪਾਰਕ ਵਿਚਾਰ-ਵਟਾਂਦਰਾ ਕਿਵੇਂ ਅੱਗੇ ਵਧ ਰਿਹਾ ਹੈ।
ਟਰੰਪ ਨੇ ਕਿਹਾ, ‘‘ਉਹ(ਮੋਦੀ) ਮੇਰਾ ਦੋਸਤ ਹੈ, ਅਤੇ ਅਸੀਂ ਗੱਲ ਕਰਦੇ ਹਾਂ... ਉਹ ਚਾਹੁੰਦਾ ਹੈ ਕਿ ਮੈਂ ਭਾਰਤ ਆਵਾਂ। ਮੈਂ ਜਾਵਾਂਗਾ। ਪ੍ਰਧਾਨ ਮੰਤਰੀ ਮੋਦੀ ਨਾਲ ਮੇਰੀ ਉੱਥੇ ਬਹੁਤ ਵਧੀਆ ਯਾਤਰਾ ਰਹੀ, ਉਹ ਇੱਕ ਵਧੀਆ ਆਦਮੀ ਹਨ। ਅਤੇ ਮੈਂ ਜਾਵਾਂਗਾ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਅਗਲੇ ਸਾਲ ਭਾਰਤ ਜਾਣ ਦੀ ਯੋਜਨਾ ਬਣਾ ਰਹੇ ਹਨ, ਟਰੰਪ ਨੇ ਕਿਹਾ, ‘‘ਹਾਂ, ਇਹ ਹੋ ਸਕਦਾ ਹੈ।’’ ਡੈਲਾਵੇਅਰ ਦੇ ਵਿਲਮਿੰਗਟਨ ਵਿੱਚ 2024 ’ਚ ਹੋਏ ਸਿਖਰ ਸੰਮੇਲਨ ਤੋਂ ਬਾਅਦ ਭਾਰਤ ਨਵੀਂ ਦਿੱਲੀ ਵਿੱਚ ਕੁਆਡ ਸੰਮੇਲਨ ਲਈ ਆਸਟਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ, ਭਾਰਤ ਵਿੱਚ ਸਿਖਰ ਸੰਮੇਲਨ ਦੀਆਂ ਤਰੀਕਾਂ ਦਾ ਅਜੇ ਤੱਕ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।
ਇਸੇ ਦੌਰਾਨ ਟਰੰਪ ਨੇ ਪੱਤਰਕਾਰਾਂ ਅੱਗੇ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਮਈ ਵਿੱਚ ਵਪਾਰ ਸਮਝੌਤੇ ਦੀ ਘੁਰਕੀ ਦੇ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਰੋਕਿਆ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਮੈਂ ਜਿਹੜੀਆਂ ਅੱਠ ਜੰਗਾਂ ਖਤਮ ਕੀਤੀਆਂ ਸਨ, ਉਨ੍ਹਾਂ ਵਿੱਚੋਂ ਪੰਜ ਜਾਂ ਛੇ ਟੈਰਿਫ ਕਾਰਨ ਖਤਮ ਹੋਈਆਂ ਸਨ। ਮੈਂ ਤੁਹਾਨੂੰ ਇੱਕ ਮਿਸਾਲ ਦੇਵਾਂਗਾ। ਜੇਕਰ ਤੁਸੀਂ ਭਾਰਤ ਅਤੇ ਪਾਕਿਸਤਾਨ ’ਤੇ ਇੱਕ ਨਜ਼ਰ ਮਾਰੋ, ਤਾਂ ਉਨ੍ਹਾਂ ਨੇ ਲੜਨਾ ਸ਼ੁਰੂ ਕਰ ਦਿੱਤਾ, ਉਹ ਦੋ ਪ੍ਰਮਾਣੂ ਦੇਸ਼ ਹਨ... ਉਹ ਇੱਕ ਦੂਜੇ ਨੂੰ ਗੋਲੀ ਮਾਰ ਰਹੇ ਸਨ। ਟਕਰਾਅ ਦੌਰਾਨ ਅੱਠ ਜਹਾਜ਼ ਡਿੱਗੇ ਸਨ। ਇਹ ਸੱਤ ਸੀ, ਪਰ ਹੁਣ ਅੱਠ ਹੋ ਗਏ ਹਨ, ਕਿਉਂਕਿ ਇੱਕ ਜਿਹੜਾ ਡੇਗਿਆ ਗਿਆ ਸੀ, ਹੁਣ ਛੱਡ ਦਿੱਤਾ ਗਿਆ ਹੈ। ਅੱਠ ਜਹਾਜ਼ਾਂ ਨੂੰ ਡੇਗਿਆ ਗਿਆ ਸੀ।’’ ਰਾਸ਼ਟਰਪਤੀ ਨੇ ਟੈਰਿਫਾਂ ਨੂੰ ‘ਵੱਡੀ ਰੱਖਿਆ ਢਾਲ’ ਦੱਸਿਆ।
